ਸੰਯੁਕਤ ਰਾਸ਼ਟਰ, 12 ਜੂਨ, (ਹ.ਬ.) : ਭਾਰਤ ਨੇ ਅਪਣੇ  ਹੁਣ ਤੱਕ ਦੇ ਰੁਖ ਤੋਂ ਹਟਦੇ ਹੋਏ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਵਿਚ ਇਜ਼ਰਾਈਲ ਦੇ ਇੱਕ ਪ੍ਰਸਤਾਵ ਦੇ ਸਮਰਥਨ ਵਿਚ ਮਤਦਾਨ ਕੀਤਾ ਹੈ। ਸਮਰਥਨ ਵਿਚ ਵੋਟ  ਕਰਨ ਵਾਲਿਆਂ ਵਿਚ ਭਾਰਤ ਸਣੇ ਕੈਨੇਡਾ, ਅਮਰੀਕਾ ਤੇ ਹੋਰ ਕਈ ਦੇਸ਼ ਸ਼ਾਮਲ ਹਨ। ਇਜ਼ਰਾਈਲੀ ਪ੍ਰਸਤਾਵ ਵਿਚ ਫਿਲਿਸਤੀਨ ਦੇ ਇੱਕ ਗੈਰ ਸਰਕਾਰੀ ਸੰਗਠਨ ਸ਼ਹੀਦ ਨੂੰ ਸਲਾਹਕਾਰ ਦਾ ਦਰਜਾ ਦਿੱਤੇ ਜਾਣ 'ਤੇ ਇਤਰਾਜ਼ ਜਤਾਇਆ ਗਿਆ ਸੀ। ਇਜ਼ਰਾਈਲ ਨੇ ਕਿਹਾ ਕਿ ਸੰਗਠਨ ਨੇ ਹਮਾਸ ਦੇ ਨਾਲ ਅਪਣੇ ਸਬੰਧਾਂ ਦਾ ਖੁਲਾਸਾ ਨਹੀਂ ਕੀਤਾ ਸੀ। ਆਖਰਕਾਰ ਸੰਗਠਨ ਨੂੰ  ਸੰਯੁਕਤ ਰਾਸ਼ਟਰ ਵਿਚ ਅਬਜ਼ਰਵਰ ਦਾ ਦਰਜਾ ਦੇਣ ਦਾ ਪ੍ਰਸਤਾਵ ਖਾਰਜ ਹੋ ਗਿਆ। ਉਧਰ ਦਿੱਲੀ ਵਿਚ ਤੈਨਾਤ ਇਜ਼ਰਾਈਲ ਦੀ ਰਾਜਦੂਤ ਮਾਇਆ ਕਡੋਸ਼ ਨੇ ਸਮਰਥਨ ਵਿਚ ਵੋਟ ਪਾਉਣ 'ਤੇ ਭਾਰਤ ਨੂੰ ਸ਼ੁਕਰਾਨਾ ਕਿਹਾ ਹੈ। ਉਨ੍ਹਾਂ ਨੇ ਟਵੀਟ ਕੀਤਾ, ਇਜ਼ਰਾਈਲ ਦੇ ਨਾਲ ਖੜ੍ਹੇ ਰਹਿਣ ਅਤੇ ਅੱਤਵਾਦੀ ਸੰਗਠਨ ਸ਼ਹੀਦ ਨੂੰ ਸੰਯੁਕਤ ਰਾਸ਼ਟਰ ਦੇ ਅਬਜ਼ਰਵਰ ਦਾ ਦਰਜਾ ਦੇਣ ਦੀ ਅਪੀਲ ਨੂੰ ਖਾਰਜ ਕਰਨ ਦੇ ਲਈ ਭਾਰਤ ਦਾ ਸ਼ੁਕਰੀਆ। ਅਸੀਂ ਇਕੱਠੇ ਮਿਲ ਕੇ ਅੱਤਵਾਦੀ ਸੰਗਠਨ ਦੇ ਖ਼ਿਲਾਫ਼ ਕੰਮ ਕਰਦੇ ਰਹਾਂਗੇ, ਜਿਹੜੇ ਸੰਗਠਨਾਂ ਦਾ ਮਕਸਦ ਨੁਕਸਾਨ ਪਹੁੰਚਾਉਣਾ ਹੈ। ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਵਿਚ 6 ਜੂਨ ਨੂੰ ਮਸੌਦਾ ਪ੍ਰਸਤਾਵ ਪੇਸ਼ ਕੀਤਾ। ਇਸ ਪ੍ਰਸਤਾਵ ਦੇ ਪੱਖ ਵਿਚ ਰਿਕਾਰਡ 28 ਵੋਟਾਂ ਪਈਆਂ ਜਦ ਕਿ 14 ਦੇਸ਼ਾਂ ਨੇ ਇਸ ਦੇ ਖ਼ਿਲਾਫ਼ ਮਤਦਾਨ ਕੀਤਾ ਜਦ ਕਿ ਪੰਜ ਦੇਸ਼ਾਂ  ਨੇ ਇਸ ਵਿਚ ਹਿੱਸਾ ਨਹੀਂ ਲਿਆ। ਪ੍ਰਸਤਾਵ ਦੇ ਪੱਖ ਵਿਚ ਮਤਦਾਨ ਕਰਨ ਵਾਲੇ ਦੇਸ਼ਾਂ ਵਿਚ ਬਰਾਜ਼ੀਲ, ਕੈਨੇਡਾ, ਕੋਲੰਬੀਆ, ਫਰਾਂਸ, ਜਰਮਨੀ, ਭਾਰਤ, ਆਇਰਲੈਂਡ, ਜਾਪਾਨ, ਕੋਰੀਆ, ਯੂਕਰੇਨ,  ਬ੍ਰਿਟੇਨ ਅਤੇ ਅਮਰੀਕਾ ਸ਼ਾਮਲ ਹਨ। ਮਿਸਰ, ਪਾਕਿਸਤਾਨ, ਤੁਰਕੀ, ਵੈਨੇਜ਼ਏਲਾ, ਯਮਨ, ਈਰਾਨ ਅਤੇ ਚੀਨ ਸਣੇ 14 ਦੇਸ਼ਾਂ ਨੇ ਇਸ ਪ੍ਰਸਤਾਵ ਦੇ ਵਿਰੋਧ ਵਿਚ ਵੋਟਿੰਗ ਕੀਤੀ। ਪ੍ਰੀਸ਼ਦ ਨੇ ਐਨਜੀਓ ਦੇ ਆਵੇਦਨ ਨੂੰ ਮੋੜਨ ਦਾ ਫੈਸਲਾ ਕੀਤਾ ਕਿਉਂਕਿ ਇਸ ਸਾਲ ਦੇ ਸ਼ੁਰੂ ਵਿਚ ਜਦ ਉਸ ਦੇ ਵਿਸ਼ੇ 'ਤੇ ਵਿਚਾਰ ਕੀਤਾ ਜਾ ਰਿਹਾ ਸੀ, ਗੈਰ ਸਰਕਾਰੀ ਸੰਗਠਨ ਮਹੱਤਵਪੂਰਣ ਜਾਣਕਾਰੀ ਪੇਸ਼ ਕਰਨ ਵਿਚ ਅਸਫ਼ਲ ਰਿਹਾ। ਐਨਜੀਓ ਨੇ ਅਪਣੇ ਆਵੇਦਨ ਵਿਚ ਸੰਯੁਕਤ ਰਾਸਟਰ ਦੇ ਅਬਜ਼ਰਵਰ ਦਾ ਦਰਜਾ ਦਿੱਤੇ ਜਾਣ ਦੀ ਅਪੀਲ ਕੀਤੀ ਸੀ। 

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.