ਕੇਂਦਰ ਤੇ ਪੰਜਾਬ ਸਰਕਾਰ, ਐਨਡੀਆਰਐਫ ਅਤੇ ਸੰਗਰੂਰ ਦੇ ਡੀਸੀ ਨੂੰ ਨੋਟਿਸ ਜਾਰੀ

ਚੰਡੀਗੜ੍ਹ 17 ਜੂਨ, ਹ.ਬ. : ਸੰਗਰੂਰ 'ਚ ਡੂੰਘੇ ਬੋਰ 'ਚ ਡਿੱਗੇ ਮਾਸੂਮ ਬੱਚੇ ਫਤਿਹਵੀਰ ਦੀ ਮੌਤ ਮਾਮਲੇ 'ਚ ਹਾਈਕੋਰਟ ਨੇ ਸਖ਼ਤੀ ਅਪਣਾਉਂਦਿਆਂ ਕੇਂਦਰ ਸਰਕਾਰ, ਪੰਜਾਬ ਸਰਕਾਰ , ਐਨਡੀਆਰਐਫ ਅਤੇ ਸੰਗਰੂਰ ਦੇ ਡੀਸੀ ਨੂੰ ਨੋਟਿਸ ਜਾਰੀ ਕੀਤਾ ਹੈ।ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਅੱਜ ਇਸ ਮਾਮਲੇ 'ਤੇ ਸੁਣਵਾਈ ਹੋਈ ਜਿਸ ਦੌਰਾਨ ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।ਇਸ ਮਾਮਲੇ ਦੀ ਅਗਲੀ ਸੁਣਵਾਈ 3 ਜੁਲਾਈ ਨੂੰ ਹੋਵੇਗੀ। ਦੱਸ ਦੇਈਏ ਕਿ 6 ਜੂਨ ਦੀ ਸ਼ਾਮ ਸੰਗਰੂਰ ਦੇ ਭਗਵਾਨਪੁਰ ਪਿੰਡ 'ਚ 2 ਸਾਲਾ ਬੱਚਾ 150 ਫੁੱਟ ਡੂੰਘੇ ਬੋਰ ਵਿਚ ਡਿੱਗ ਪਿਆ ਸੀ ਅਤੇ 5 ਦਿਨਾਂ ਤੱਕ ਬੱਚਾ ਬੋਰ ਵਿੱਚ ਡਿੱਗਿਆ ਰਿਹਾ ਅਤੇ 6ਵੇਂ ਦਿਨ ਬੱਚੇ ਨੂੰ ਬਾਹਰ ਕੱਢਿਆ ਗਿਆ ਸੀ।ਇਸ ਘਟਨਾ 'ਚ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਬਹੁਤ ਢਿੱਲੀ ਰਹੀ ਸੀ ਅਤੇ ਬੱਚੇ ਨੂੰ ਬਾਹਰ ਕੱਢਣ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸਨ । 6ਵੇਂ ਦਿਨ ਵੀ ਬੱਚੇ ਨੂੰ ਇਕ ਆਮ ਇਨਸਾਨ ਵੱਲੋਂ ਬੋਰ 'ਚੋਂ ਕੱਢਿਆ ਗਿਆ ਸੀ।ਲੋਕਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਸੀ ਅਤੇ ਪ੍ਰਦਰਸ਼ਨ ਵੀ ਕੀਤਾ ਗਿਆ ਸੀ।ਇਸ ਮਾਮਲੇ 'ਚ ਪ੍ਰਸ਼ਾਸਨ ਵੱਲੋਂ ਵਰਤੀ ਢਿੱਲ 'ਤੇ ਸਵਾਲ ਚੁੱਕਦੇ ਹੋਏ ਇਕ ਪਟੀਸ਼ਨ ਹਾਈਕੋਰਟ 'ਚ ਦਾਇਰ ਕੀਤੀ ਸੀ ਜਿਸਦੀ ਸੁਣਵਾਈ ਅੱਜ ਅਦਾਲਤ 'ਚ ਹੋਈ ਅਤੇ ਇਸੇ ਦੌਰਾਨ ਹਾਈਕੋਰਟ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ, ਐਨਡੀਆਰਐਫ ਤੇ ਸੰਗਰੂਰ ਦੇ ਡੀਸੀ ਨੂੰ ਨੋਟਿਸ ਜਾਰੀ ਕੀਤਾ ਗਿਆ ਅਤੇ ਇਨ੍ਹਾਂ ਤੋਂ ਜਵਾਬ ਮੰਗਿਆ ਗਿਆ ਹੈ।ਇਸ ਮਾਮਲੇ 'ਤੇ ਅਗਲੀ ਸੁਣਵਾਈ 3 ਜੁਲਾਈ ਨੂੰ ਹੋਵੇਗੀ।

ਹੋਰ ਖਬਰਾਂ »