ਪ੍ਰਾਪਰਟੀ ਟੈਕਸ ਵਿਚ 6 ਫ਼ੀ ਸਦੀ ਵਾਧਾ ਹੋਣ ਦੇ ਆਸਾਰ

ਬਰੈਂਪਟਨ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਸਰਕਾਰ ਤੋਂ ਮਿਲਣ ਵਾਲੀ ਆਰਥਿਕ ਸਹਾਇਤਾ ਵਿਚ ਕਟੌਤੀ ਦੇ ਮੱਦੇਨਜ਼ਰ ਪੀਲ ਰੀਜਨਲ ਕੌਂਸਲ, ਇਲਾਕੇ ਦੇ ਲੋਕਾਂ 'ਤੇ ਟੈਕਸਾਂ ਦਾ ਬੋਝ ਵਧਾਉਣ 'ਤੇ ਵਿਚਾਰ ਕਰ ਰਹੀ ਹੈ ਅਤੇ ਪ੍ਰਾਪਰਟੀ ਟੈਕਸ ਦੀਆਂ ਦਰਾਂ ਵਿਚ 6 ਫ਼ੀ ਸਦੀ ਵਾਧਾ ਕੀਤਾ ਜਾ ਸਕਦਾ ਹੈ। ਪਿਛਲੇ ਦਿਨੀਂ ਹੋਈ ਪੀਲ ਰੀਜਨਲ ਕੌਂਸਲ ਦੀ ਮੀਟਿੰਗ ਦੌਰਾਨ ਕੌਂਸਲਰਾਂ ਨੇ ਵੱਖ-ਵੱਖ ਯੋਜਨਾਵਾਂ ਪੇਸ਼ ਕੀਤੀਆਂ ਤਾਂਕਿ ਸੂਬਾ ਸਰਕਾਰ ਦੀ ਆਰਥਿਕ ਕਟੌਤੀ ਮਗਰੋਂ ਪੈਦਾ ਹੋਏ 36.4 ਮਿਲੀਅਨ ਡਾਲਰ ਦੇ ਖੱਪੇ ਨੂੰ ਪੂਰਿਆ ਜਾ ਸਕੇ। ਪੀਲ ਰੀਜਨ ਦੀ ਬਿਜ਼ਨਸ ਅਤੇ ਫ਼ਾਇਨੈਂਸ਼ੀਅਲ ਪਲੈਨਿੰਗ ਇਕਾਈ ਦੇ ਡਾਇਰੈਕਟਰ ਨੌਰਮਨ ਲੰਮ ਵੱਲੋਂ ਪੇਸ਼ ਰਿਪੋਰਟ ਵਿਚ ਟੈਕਸ ਦਰਾਂ 3.9 ਫ਼ੀ ਸਦੀ ਵਾਧਾ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਰਿਪੋਰਟ ਕਹਿੰਦੀ ਹੈ ਕਿ ਪੈਰਾਮੈਡਿਕਸ ਸੇਵਾਵਾਂ, ਲੌਂਗ-ਟਰਮ ਕੇਅਰ, ਰੁਜ਼ਗਾਰ ਸੇਵਾਵਾਂ ਅਤੇ ਚਾਈਲਡ ਕੇਅਰ ਉਪਰ ਪੈਣ ਵਾਲੇ ਅਸਰਾਂ ਨੂੰ ਰੋਕਣ ਲਈ ਵਾਧਾ ਲਾਜ਼ਮੀ ਹੋਵੇਗਾ। ਦੱਸ ਦੇਈਏ ਕਿ ਪੀਲ ਰੀਜਨਲ ਕੌਂਸਲ ਨੂੰ ਸਿੱਧੇ ਤੌਰ 'ਤੇ ਮਿਲਣ ਵਾਲੀ ਆਰਥਿਕ ਸਹਾਇਤਾ ਵਿਚ 25.3 ਮਿਲੀਅਨ ਡਾਲਰ ਦੀ ਕਮੀ ਕੀਤੀ ਗਈ ਹੈ ਜਦਕਿ 11.1 ਮਿਲੀਅਨ ਡਾਲਰ ਦੀ ਰਕਮ ਖ਼ਰਚੇ ਸਾਂਝੇ ਕਰਨ ਦੀ ਯੋਜਨਾ ਤਹਿਤ ਅਦਾ ਕੀਤੀ ਜਾਂਦੀ ਸੀ। 

ਹੋਰ ਖਬਰਾਂ »

ਹਮਦਰਦ ਟੀ.ਵੀ.