ਦਿਨ ਦਾ ਤਾਪਮਾਨ 35 ਡਿਗਰੀ ਸੈਲੀਸਅਸ ਤੋਂ ਟੱਪਣ ਦੇ ਆਸਾਰ

ਬਰੈਂਪਟਨ, 19 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਮੌਸਮ ਵਿਭਾਗ ਨੇ ਬਰੈਂਪਟਨ ਅਤੇ ਮਿਸੀਸਾਗਾ ਦੇ ਲੋਕਾਂ ਨੂੰ ਚਿਤਵਾਨੀ ਦਿਤੀ ਹੈ ਕਿ 19 ਅਤੇ 20 ਜੁਲਾਈ ਨੂੰ ਝੁਲਸਾ ਦੇਣ ਵਾਲੀ ਗਰਮੀ ਪੈ ਸਕਦੀ ਹੈ ਅਤੇ ਬੇਹੱਦ ਜ਼ਰੂਰੀ ਹੋਣ 'ਤੇ ਘਰਾਂ ਤੋਂ ਬਾਹਰ ਨਿਕਲਿਆ ਜਾਵੇ। ਐਨਵਾਇਰਨਮੈਂਟ ਕੈਨੇਡਾ ਨੇ ਕਿਹਾ ਕਿ ਪੀਲ ਰੀਜਨ ਤੋਂ ਇਲਾਵਾ ਹਾਲਟਨ ਹਿਲਜ਼, ਮਿਲਟਨ, ਬਰਲਿੰਗਟਨ ਅਤੇ ਓਕਵਿਲ ਦੇ ਲੋਕਾਂ ਨੂੰ ਵੀ ਸੁਚੇਤ ਰਹਿਣ ਲਈ ਆਖਿਆ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਨੂੰ ਰਾਤ ਦਾ ਤਾਪਮਾਨ 20 ਤੋਂ 25 ਡਿਗਰੀ ਦਰਮਿਆਨ ਰਹੇਗਾ ਪਰ ਦਿਨ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਪਾਰ ਜਾ ਸਕਦਾ ਹੈ। ਅਤਿ ਦੀ ਗਰਮੀ ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗਾਂ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਉਪਰ ਘਾਤਕ ਅਸਰ ਪਾ ਸਕਦੀ ਹੈ। ਲੋਕਾਂ ਨੂੰ ਸੁਝਾਅ ਦਿਤਾ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਪਾਣੀ ਪੀਤਾ ਜਾਵੇ ਅਤੇ ਖੜੀਆਂ ਗੱਡੀਆਂ ਵਿਚ ਬੱਚੇ ਜਾਂ ਪਾਲਤੂ ਜਾਨਵਰ ਨਾ ਛੱਡੇ ਜਾਣ। ਦੂਜੇ ਪਾਸੇ ਪੀਲ ਰੀਜਨ ਦੇ ਮੈਡੀਕਲ ਅਫ਼ਸਰ ਲੋਕਾਂ ਨੂੰ ਗਰਮੀ ਤੋਂ ਬਚਣ ਦੇ ਉਪਾਅ ਦੱਸ ਰਹੇ ਹਨ ਤਾਂ ਕਿ ਲੂ ਲੱਗਣ ਦੇ ਮਾਮਲੇ ਸਾਹਮਣੇ ਨਾ ਆਉਣ। 

ਹੋਰ ਖਬਰਾਂ »

ਹਮਦਰਦ ਟੀ.ਵੀ.