ਤਲਵੰਡੀ ਸਾਬੋ, 15 ਅਗਸਤ, ਹ.ਬ. : ਗੁਰੂਕਾਸ਼ੀ ਕਾਲਜ ਵਿਚ ਪ੍ਰਧਾਨਗੀ ਨੂੰ ਲੈ ਕੇ ਹੋਏ ਝਗੜੇ ਵਿਚ ਚੱਲੀਆਂ ਗੋਲੀਆਂ ਵਿਚ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ 9 ਲੋਕਾਂ ਸਣੇ 12 ਨੌਜਵਾਨਾਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗੁੱਟ ਆਹਮੋ ਸਾਹਮਣੇ ਸੀ। ਬੁਧਵਾਰ ਨੂੰ ਜਿਵੇਂ ਹੀ ਇੱਕ ਧਿਰ ਨੂੰ ਪਤਾ ਲੱਗਾ ਕਿ ਵਿਰੋਧੀ ਧਿਰ ਪ੍ਰਧਾਨਗੀ 'ਤੇ ਦਾਅਵੇਦਾਰੀ ਦੇ ਪੋਸਟਰ ਲਗਾ ਰਿਹਾ ਹੈ ਤਾਂ ਉਹ ਪੋਸਟਰ ਹਟਾਉਣ ਪਹੁੰਚ ਗਏ। ਇਸ ਦੌਰਾਨ ਦੋਵੇਂ ਧਿਰਾਂ ਵਿਚ ਬਹਿਸ ਸ਼ੁਰੂ ਹੋ ਗਈ ਜੋ ਤਕਰਾਰ ਵਿਚ ਬਦਲ ਗਈ। ਇਸੇ ਦੌਰਾਨ ਚੱਲੀਆਂ ਗੋਲੀਆਂ ਵਿਚੋਂ ਇੱਕ ਪੋਸਟਰ ਉਤਾਰਨ ਪਹੁੰਚੇ ਗਰੁੱਪ ਦੇ ਦਿਲਰਾਜ ਸਿੰਘ ਉਰਫ ਬਾਘੀ ਨਿਵਾਸੀ ਭਾਗੀਵਾਂਦਰ ਨੂੰ ਜਾ ਲੱਗੀ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਉਸ ਦੀ ਮੌਤ ਹੋ ਗਈ। ਪਤਾ ਚਲਿਆ ਮ੍ਰਿਤਕ  ਨੌਜਵਾਨ ਕਾਲਜ ਦਾ ਵਿਦਿਆਰਥੀ ਨਹੀਂ ਬਲਕਿ ਉਹ ਇੱਕ ਧਿਰ ਦੀ ਹਮਾਇਤ ਲਈ ਬਾਹਰ ਤੋਂ ਆਇਆ ਸੀ। ਡੀਐਸਪੀ ਹਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਵਲੋਂ ਗੋਰਾ ਸਿੰਘ ਭਾਗੀਵਾਂਦਰ, ਪ੍ਰਦੀਪ ਸਿੰਘ ਤਲਵੰਡੀ ਸਾਬੋ, ਸੁੱਖਾ ਤਖ਼ਤ ਮੱਲ (ਸਿਰਸਾ), ਜੱਗੀ ਪ੍ਰਧਾਨਗੀ ਦਾ ਦਾਅਵੇਦਾਰ, ਕਾਲਾ ਮਾਨ ਜੋਧਪੁਰ, ਦੀਪੀ ਤਲਵੰਡੀ ਸਾਬੋ, ਕਰਨੀ ਭਾਗੀਵਾਂਦਰ, ਰਾਜਿੰਦਰ ਗਹਿਲੇਵਾਲਾ, ਹਰਪ੍ਰੀਤ ਗਯਾਨਾ ਅਤੇ 5-6 ਅਣਪਛਾਤੇ ਨੌਜਵਾਨਾਂ 'ਤੇ ਧਾਰਾ 302 ਸਣੇ ਅਲੱਗ ਅਲੱਗ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਫਿਲਹਾਲ ਮਾਮਲੇ ਵਿਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
 

ਹੋਰ ਖਬਰਾਂ »