ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਮੀਂਹ ਕਾਰਨ 21 ਮੌਤਾਂ

ਚੰਡੀਗੜ, 18 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਐਤਵਾਰ ਨੂੰ ਭਾਰੀ ਬਾਰਸ਼ ਜਾਰੀ ਰਹਿਣ ਅਤੇ ਡੈਮਾਂ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜ ਜਾਣ ਕਾਰਨ ਲੋਕਾਂ ਦੀ ਜਾਨ ਮੁੱਠੀ ਵਿਚ ਆਈ ਰਹੀ। ਸਤਲੁਜ ਦਰਿਆ ਦਾ ਪਾਣੀ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ 'ਤੇ ਕਹਿਰ ਢਾਹ ਰਿਹਾ ਹੈ ਅਤੇ ਹੁਣ ਫਿਲੌਰ, ਨਕੋਦਰ ਅਤੇ ਸ਼ਾਹਕੋਟ ਦੇ 81 ਪਿੰਡ ਖ਼ਾਲੀ ਕਰਵਾਉਣ ਦੇ ਹੁਕਮ ਦਿਤੇ ਗਏ ਹਨ। ਦੂਜੇ ਪਾਸੇ ਬਿਆਸ ਦਰਿਆ ਦੇ ਨਾਲ ਲਗਦੇ ਇਲਾਕਿਆਂ ਵਿਚ ਵੀ ਹਾਲਾਤ ਵਿਗੜਦੇ ਜਾ ਰਹੇ ਹਨ। ਬਿਆਸ ਦਰਿਆ ਵਿਚ ਪਾਣੀ ਵਧਣ ਕਾਰਨ ਪਿੰਡ ਚੀਚੀਆਂ ਕੁਲੀਆ ਵਿਚ 12 ਹਜ਼ਾਰ ਲੋਕ ਫਸ ਗਏ ਜਿਨ•ਾਂ ਨੂੰ ਫ਼ੌਜ ਦੀ ਮਦਦ ਨਾਲ ਕੱਢਿਆ ਗਿਆ। ਰੂਪਨਗਰ ਦੀ ਅਨਾਜ ਮੰਡੀ ਅਤੇ ਬਸੰਤ ਨਗਰ ਸਣੇ ਨਾਲ ਲਗਦੇ ਇਲਾਕਿਆਂ ਵਿਚ ਸ਼ਨਿੱਚਰਵਾਰ ਰਾਤ ਪਾਣੀ ਦਾਖ਼ਲ ਹੋ ਗਿਆ ਅਤੇ ਲੋਕ ਆਪਣਾ ਜ਼ਰੂਰੀ ਸਾਮਾਨ ਬਚਾਉਣ ਦੀਆਂ ਕੋਸ਼ਿਸ਼ਾਂ ਵਿਚ ਜੁਟ ਗਏ। ਗੱਡੀਆਂ ਪਾਣੀ ਵਿਚ ਡੁੱਬ ਗਈਆਂ ਜਦਕਿ ਰਾਹ ਬੰਦ ਹੋ ਚੁੱਕੇ ਹਨ। ਲੋਕਾਂ ਦੀ ਮਦਦ ਲਈ ਕੋਈ ਨਹੀਂ ਪਹੁੰਚਿਆ। ਇਹ ਤਸਵੀਰਾਂ ਰੂਪਨਗਰ ਦੀਆਂ ਹਨ ਜਿਥੇ ਲੋਕ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕਰ ਰਹੇ ਹਨ। ਉਧਰ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਿਛਲੇ 36 ਘੰਟੇ ਤੋਂ ਪੈ ਰਹੇ ਮੀਂਹ ਕਾਰਨ ਘੱਟੋ-ਘੱਟ 21 ਜਣਿਆਂ ਦੀ ਮੌਤ ਹੋ ਗਈ ਜਦਕਿ ਕਈ ਥਾਵਾਂ 'ਤੇ ਸੜਕਾਂ  ਅਤੇ ਪੁਲ ਰੁੜ ਗਏ। ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਸੜਕੀ ਆਵਾਜਾਈ ਠੱਪ ਹੋਣ ਕਾਰਨ ਹਜ਼ਾਰਾਂ ਸੈਲਾਨੀ ਹਿਮਾਚਲ ਪ੍ਰਦੇਸ਼ ਵਿਚ ਫਸ ਗਏ ਹਨ। 

ਹੋਰ ਖਬਰਾਂ »

ਹਮਦਰਦ ਟੀ.ਵੀ.