7 ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ

ਰਿਚਮੰਡ ਹਿਲ/ਲੰਡਨ, 19 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਰਿਚਮੰਡ ਹਿਲ ਅਤੇ ਲੰਡਨ ਸ਼ਹਿਰਾਂ ਵਿਚ ਵਾਪਰੇ ਹਾਦਸਿਆਂ ਦੌਰਾਨ 2 ਜਣਿਆਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਰਿਚਮੰਡ ਹਿਲ ਵਿਖੇ ਐਤਵਾਰ ਰਾਤ 9.30 ਵਜੇ ਕਈ ਗੱਡੀਆਂ ਦੀ ਟੱਕਰ ਮਗਰੋਂ ਅੱਗ  ਲੱਗ ਗਈ ਅਤੇ ਇਕ ਸ਼ਖਸ ਨੂੰ ਮੌਕੇ 'ਤੇ ਮ੍ਰਿਤਕ ਕਰਾਰ ਦੇ ਦਿਤਾ ਗਿਆ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਰਿਚਮੰਡ ਹਿਲ ਦੇ ਯੌਂਗ ਸਟ੍ਰੀਟ ਅਤੇ ਜੈਫ਼ਰਸਨ ਫ਼ੌਰੈਸਟ ਡਰਾਈਵ ਇਲਾਕੇ ਵਿਚ ਹਾਦਸੇ ਦੀ ਸੂਚਨਾ ਮਿਲੀ ਅਤੇ ਜਦੋਂ ਪੁਲਿਸ ਅਫ਼ਸਰ ਮੌਕੇ 'ਤੇ ਪੁੱਜੇ ਤਾਂ ਇਕ ਗੱਡੀ ਅੱਗ ਦੀਆਂ ਲਾਟਾਂ ਵਿਚ ਘਿਰ ਚੁੱਕੀ ਸੀ। ਪੈਰਾਮੈਡਿਕਸ ਵੱਲੋਂ ਦੋ ਗੰਭੀਰ ਜ਼ਖ਼ਮੀਆਂ ਨੂੰ ਟੋਰਾਂਟੋ ਦੇ ਹਸਪਤਾਲ ਵਿਚ ਲਿਜਾਇਆ ਗਿਆ ਜਦਕਿ ਤਿੰਨ ਜਣਿਆਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਧਰ ਲੰਡਨ ਦੇ ਹਾਈਬਰੀ ਐਵੇਨਿਊ ਨੌਰਥ ਅਤੇ ਫ਼ੋਰਟੀਨ ਮਾਈਲ ਰੋਡ 'ਤੇ ਇਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਈ ਜਿਸ ਦੇ ਸਿੱਟੇ ਵਜੋਂ ਇਕ ਸ਼ਖਸ ਮਾਰਿਆ ਗਿਆ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਉਨਟਾਰੀਓ ਪ੍ਰੋਵਿਲਸ਼ੀਅਲ ਪੁਲਿਸ ਨੇ ਹਾਦਸੇ ਦੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। 

ਹੋਰ ਖਬਰਾਂ »