ਪੱਗ ਵਿਚ 'ਬੰਬ' ਹੋਣ ਦਾ ਝੂਠਾ ਦੋਸ਼ ਲਾਇਆ

ਵੀਆਨਾ, 20 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਮਨੁੱਖਤਾ ਦੀ ਸੇਵਾ ਲਈ ਦੁਨੀਆਂ ਦੇ ਕੋਨੇ-ਕੋਨੇ ਵਿਚ ਜਾਣ ਵਾਲੇ ਖ਼ਾਲਸਾ ਏਡ ਦੇ ਬਾਨੀ ਰਵੀ ਸਿੰਘ ਨਾਲ ਵੀਆਨਾ ਦੇ ਹਵਾਈ ਅੱਡੇ 'ਤੇ ਬਦਸਲੂਕੀ ਕੀਤੀ ਗਈ ਜਦੋਂ ਸੁਰੱਖਿਆ ਅਮਲੇ ਦੇ ਇਕ ਮੁਲਾਜ਼ਮ ਨੇ ਉਨਾਂ ਦੀ ਪੱਗ ਵਿਚ ਬੰਬ ਹੋਣ ਦਾ ਝੂਠਾ ਦੋਸ਼ ਲਾ ਦਿਤਾ। ਇਰਾਕ ਵਿਚ ਇਸਲਾਮਿਕ ਸਟੇਟ ਵੱਲੋਂ ਗੁਲਾਮ ਬਣਾਈਆਂ ਯਜ਼ੀਦੀ ਔਰਤਾਂ ਦੀ ਮਦਦ ਕਰ ਕੇ ਪਰਤ ਰਹੇ ਰਵੀ ਸਿੰਘ ਵੀਆਨਾ ਹਵਾਈ ਅੱਡੇ 'ਤੇ ਉਤਰੇ ਸਨ ਜਿਥੇ ਉਨਾਂ ਨੇ ਫ਼ਲਾਈਟ ਤਬਦੀਲ ਕਰਨੀ ਸੀ। ਸੁਰੱਖਿਆ ਅਮਲੇ ਨੇ ਰਵੀ ਸਿੰਘ ਨੂੰ ਮੈਟਲ ਡਿਟੈਕਟਰ ਮਸ਼ੀਨ ਵਿਚੋਂ ਲੰਘਾਇਆ ਪਰ ਇਸ ਦੇ ਬਾਵਜੂਦ ਇਕ ਸੁਰੱਖਿਆ ਮੁਲਾਜ਼ਮ ਉਨਾਂ ਦੀ ਪੱਗ ਨੂੰ ਆਪਣੇ ਹੱਥ ਵਿਚ ਫੜੇ ਮੈਟਲ ਡਿਟੈਕਟਰ ਨਾਲ ਫਰੋਲਣ ਲੱਗ ਪਿਆ। ਜਦੋਂ ਰਵੀ ਸਿੰਘ ਨੇ ਸਵਾਲ ਕੀਤਾ ਕਿ ਕੀ ਕੋਈ ਸਮੱਸਿਆ ਹੈ ਤਾਂ ਸੁਰੱਖਿਆ ਅਮਲੇ ਨੇ ਕਿਹਾ, ''ਹਾਂ, ਸਾਨੂੰ ਬੰਬ ਮਿਲਿਆ ਹੈ।'' ਮੈਟਰੋ ਯੂ.ਕੇ. ਨਾਲ ਗੱਲਬਾਤ ਕਰਦਿਆਂ ਰਵੀ ਸਿੰਘ ਨੇ ਕਿਹਾ ਕਿ ਜੇ ਉਹ ਜਵਾਬ ਵਿਚ ਕੋਈ ਟਿੱਪਣੀ ਕਰ ਦਿੰਦੇ ਤਾਂ ਲਾਜ਼ਮੀ ਤੌਰ 'ਤੇ ਸੁਰੱਖਿਆ ਅਮਲੇ ਨੇ ਉਨਾਂ ਨੂੰ ਜੇਲ• ਵਿਚ ਸੁੱਟ ਦੇਣਾ ਸੀ। ਉਨਾਂ ਦੱਸਿਆ ਕਿ ਸੁਰੱਖਿਆ ਅਮਲੇ ਵਿਚ ਇਕ ਮਹਿਲਾ ਵੀ ਸ਼ਾਮਲ ਸੀ ਜਿਸ ਨੇ ਸਭ ਤੋਂ ਪਹਿਲਾਂ ਪੱਗ ਬਾਰੇ ਭੱਦੀ ਟਿੱਪਣੀ ਕੀਤੀ। ਇਸ ਘਟਨਾ ਨੇ ਰਵੀ ਸਿੰਘ ਨੂੰ ਝੰਜੋੜ ਕੇ ਰੱਖ ਦਿਤਾ ਹੈ। ਕੁਦਰਤੀ ਤੌਰ 'ਤੇ ਉਸ ਦਿਨ ਲੰਡਨ ਜਾਣ ਵਾਲੀ ਫ਼ਲਾਈਟ ਵਿਚ ਦੇਰ ਹੋ ਗਈ ਨਹੀਂ ਤਾਂ ਰਵੀ ਸਿੰਘ ਨੂੰ ਹੋਰ ਜ਼ਿਆਦਾ ਖੱਜਲ-ਖੁਆਰ ਹੋਣਾ ਪੈਂਦਾ। ਦੱਸ ਦੇਈਏ ਕਿ ਰਵੀ ਸਿੰਘ ਨੇ ਦੂਜੀ ਵਾਰ ਇਰਾਕ ਦੌਰੇ 'ਤੇ ਗਏ ਸਨ। 

ਹੋਰ ਖਬਰਾਂ »

ਹਮਦਰਦ ਟੀ.ਵੀ.