ਇਸਲਾਮਾਬਾਦ, 9 ਸਤੰਬਰ, ਹ.ਬ. : ਪਾਕਿਸਤਾਨ 'ਚ ਘੱਟ ਗਿਣਤੀ ਕੁੜੀਆਂ ਦੇ ਜ਼ਬਰਦਸਤੀ ਧਰਮ ਤਬਦੀਲੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪਾਕਿ ਦੇ ਪੰਜਾਬ ਸੂਬੇ 'ਚ 15 ਸਾਲ ਦੀ ਈਸਾਈ ਵਿਦਿਆਰਥਣ ਫੈਜ਼ਾ ਮੁਖਤਾਰ ਨੂੰ ਉਸ ਦੇ ਸਕੂਲ ਪ੍ਰਿੰਸੀਪਲ ਨੇ  ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾ ਦਿੱਤਾ। ਸ਼ੇਖਪੁਰਾ ਸ਼ਹਿਰ ਦੇ ਸਰਕਾਰੀ ਸਕੂਲ 'ਚ ਪੜ੍ਹਨ ਵਾਲੀ ਫੈਜ਼ਾ ਨੂੰ ਉਸ ਦਾ ਪ੍ਰਿੰਸੀਪਲ ਇਕ ਮਦਰਸੇ 'ਚ ਲੈ ਗਿਆ ਸੀ, ਉੱਥੇ ਉਸ ਦਾ ਜ਼ਬਰਦਸਤੀ ਧਰਮ ਤਬਦੀਲ ਕਰਵਾਇਆ ਗਿਆ। ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਇਤ ਮੁਤਾਬਕ, ਫੈਜ਼ਾ ਦੇ ਪਰਿਵਾਰ ਨੂੰ ਵੀ ਅਖੌਤੀ ਤੌਰ 'ਤੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਜਾ ਰਿਹਾ ਹੈ। ਇਨਾਇਤ ਨੇ ਟਵੀਟ ਕੀਤਾ, 'ਉਹ ਪ੍ਰਿੰਸੀਪਲ ਸਕੂਲ 'ਚ ਫੈਜ਼ਾ ਨੂੰ ਅਰਬੀ ਪੜ੍ਹਾਉਂਦਾ ਸੀ। ਉਸ ਨੇ ਫੈਜ਼ਾ ਨੂੰ ਕਿਹਾ ਕਿ ਉਹ ਘਰ ਨਹੀਂ ਜਾ ਸਕਦੀ ਕਿਉਂਕਿ ਹੁਣ ਉਹ ਇਕ ਮੁਸਲਮਾਨ ਹੈ।' ਪਾਕਿਸਤਾਨ 'ਚ ਅਕਸਰ ਘੱਟ ਗਿਣਤੀ ਹਿੰਦੂ, ਸਿੱਖ ਤੇ ਈਸਾਈ ਕੁੜੀਆਂ ਨੂੰ ਅਗਵਾ ਕਰਨ ਤੇ ਜ਼ਬਰਦਸਤੀ ਧਰਮ ਤਬਦੀਲੀ ਕਰਵਾ ਕੇ ਮੁਸਲਮਾਨਾਂ ਨਾਲ ਨਿਕਾਹ ਕਰਵਾਏ ਜਾਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਮਹੀਨੇ ਦੀ ਸ਼ੁਰੂਆਤ 'ਚ ਸਿੰਧ ਸੂਬੇ ਦੇ ਇੰਸਟੀਚਿਊਟ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ 'ਚ ਪੜ੍ਹਨ ਵਾਲੀ ਰੇਣੁਕਾ ਕੁਮਾਰੀ ਨੂੰ ਅਗਵਾ ਕਰ ਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਅਗਸਤ ਦੇ ਅਖ਼ੀਰ 'ਚ ਬੰਦੂਕ ਦੀ ਨੋਕ 'ਤੇ ਧਰਮ ਤਬਦੀਲੀ ਕਰਵਾ ਕੇ 19 ਸਾਲਾ ਸਿੱਖ ਕੁੜੀ ਜਗਜੀਤ ਕੌਰ ਦਾ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਵਾ ਦਿੱਤਾ ਗਿਆ ਸੀ। ਇਹ ਘਟਨਾ ਲਾਹੌਰ ਦੇ ਨਨਕਾਣਾ ਸਾਹਿਬ 'ਚ ਹੋਈ ਸੀ। ਜਗਜੀਤ ਤੰਬੂ ਸਾਹਿਬ ਗੁਰਦੁਆਰਾ ਦੇ ਗ੍ਰੰਥੀ ਭਗਵਾਨ ਸਿੰਘ ਦੀ ਧੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.