ਪੀਲ ਪੁਲਿਸ ਕਰ ਰਹੀ ਹੈ ਹਥਿਆਰਬੰਦ ਲੁਟੇਰੇ ਦੀ ਭਾਲ

ਬਰੈਂਪਟਨ, 13 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਵਿਖੇ ਇਕ ਹਥਿਆਰਬੰਦ ਸ਼ਖਸ ਸ਼ਨਿੱਚਰਵਾਰ ਨੂੰ ਨੈਸ਼ਨਲ ਬੈਂਕ ਲੁੱਟ ਕੇ ਫਰਾਰ ਹੋ ਗਿਆ। ਪੀਲ ਰੀਜਨਲ ਪੁਲਿਸ ਨਕਾਬਪੋਸ਼ ਸ਼ੱਕੀ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਹ ਵਾਰਦਾਤ ਬਾਅਦ ਦੁਪਹਿਰ 2 ਵਜੇ ਦੇ ਕਰੀਬ ਸੈਂਡਲਵੁੱਡ ਪਾਰਕਵੇਅ ਅਤੇ ਟੌਰਬ੍ਰੈਮ ਰੋਡ ਨੇੜੇ ਸਥਿਤ ਨੈਸ਼ਨਲ ਬੈਂਕ ਦੀ ਬਰਾਂਚ ਵਿਚ ਵਾਪਰੀ। ਪੁਲਿਸ ਨੇ ਹਥਿਆਰਬੰਦ ਲੁਟੇਰੇ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਵਜ਼ਨੀ ਸਰੀਰ ਵਾਲੇ ਗੋਰੇ ਨੇ ਗਰੇਅ ਪੈਂਟ ਪਹਿਨੀ ਹੋਈ ਸੀ ਅਤੇ ਗੂੜਾ ਨੀਲਾ ਜਾਂ ਕਾਲੇ ਰੰਗ ਦੇ ਕੱਪੜੇ ਨਾਲ ਆਪਣਾ ਮੂੰਹ ਢਕਿਆ ਹੋਇਆ ਸੀ। ਲੁੱਟ ਦੇ ਵਾਰਦਾਤ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ ਅਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ ਸੈਂਟਰ ਰੌਬਰੀ ਬਿਊਰੋ ਨਾਲ 905-453-2121 'ਤੇ ਸੰਪਰਕ ਕੀਤਾ ਜਾਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.