ਵਾਸ਼ਿੰਗਟਨ, 19 ਅਕਤੂਬਰ, ਹ.ਬ. :  ਟਰੰਪ ਪ੍ਰਸ਼ਾਸਨ ਦਾ ਸਾਥ ਛੱਡਣ ਵਾਲੇ ਸਿਖਰਲੇ ਅਧਿਕਾਰੀਆਂ ਦੀ ਸੂਚੀ ਵਿਚ ਊਰਜਾ ਮੰਤਰੀ ਰਿਕ ਪੇਰੀ ਦਾ ਵੀ ਨਾਂ ਜੁੜ ਗਿਆ ਹੈ। ਉਨ੍ਹਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਸਤੀਫ਼ਾ ਦੇਣ ਜਾ ਰਹੇ ਹਨ। ਪੇਰੀ ਦਾ ਨਾਂ ਯੂਕਰੇਨ ਸਕੈਂਡਲ ਵਿਚ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਨੇ ਪੇਰੀ ਤੋਂ ਦਸਤਾਵੇਜ਼ ਮੰਗੇ ਹਨ। ਟਰੰਪ ਦਾ ਦੋਸ਼ ਹੈ ਕਿ ਉਨ੍ਹਾਂ ਬੀਤੀ 25 ਜੁਲਾਈ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜੈਲੇਂਸਕੀ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ ਅਤੇ ਰਾਸ਼ਟਰਪਤੀ ਚੋਣਾਂ ਵਿਚ ਆਪਣੇ ਸੰਭਾਵਤ ਡੈਮੋਕ੍ਰੇਟ ਵਿਰੋਧੀ ਜੋ ਬਿਡੇਨ ਨੂੰ ਬਦਨਾਮ ਕਰਨ ਲਈ ਉਨ੍ਹਾਂ 'ਤੇ ਦਬਾਅ ਬਣਾਇਆ ਸੀ। ਇਸੇ ਮਾਮਲੇ ਨੂੰ ਲੈ ਕੇ ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਲਈ ਜਾਂਚ ਚੱਲ ਰਹੀ ਹੈ। ਟਰੰਪ ਨੇ ਟੈਕਸਾਸ 'ਚ ਦੱਸਿਆ ਕਿ ਪੇਰੀ ਸਾਲ ਦੇ ਆਖ਼ਰ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਪੇਰੀ ਦੇ ਅਸਤੀਫ਼ੇ ਦੀਆਂ ਅਟਕਲਾਂ ਪਿਛਲੇ ਕਈ ਹਫ਼ਤੇ ਤੋਂ ਲਗਾਈਆਂ ਜਾ ਰਹੀਆਂ ਸਨ। ਇਹ ਖ਼ਬਰ ਆਈ ਸੀ ਕਿ ਬਿਡੇਨ ਦੇ ਬੇਟੇ ਹੰਟਰ ਖ਼ਿਲਾਫ਼ ਜਾਂਚ ਸ਼ੁਰੂ ਕਰਵਾਉਣ ਲਈ ਯੂਕਰੇਨੀ ਅਧਿਕਾਰੀਆਂ 'ਤੇ ਦਬਾਅ ਬਣਾਉਣ ਵਿਚ ਉਨ੍ਹਾਂ ਵੀ ਭੂਮਿਕਾ ਨਿਭਾਈ ਸੀ। ਪੇਰੀ ਨੇ ਬੀਤੇ ਬੁੱਧਵਾਰ ਨੂੰ ਵਾਲ ਸਟਰੀਟ ਜਰਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਟਰੰਪ ਦੇ ਨਿਰਦੇਸ਼ 'ਤੇ ਯੂਕਰੇਨ ਸਬੰਧੀ ਮਾਮਲਿਆਂ ਨੂੰ ਲੈ ਕੇ ਉਨ੍ਹਾਂ ਦੇ ਨਿੱਜੀ ਵਕੀਲ ਰੂਡੀ ਗਿਊਲਿਯਾਨੀ ਦੇ ਸੰਪਰਕ ਵਿਚ ਸਨ। ਪੇਰੀ (69) ਨੇ ਮਾਰਚ, 2017 ਵਿਚ ਊਰਜਾ ਮੰਤਰੀ ਦਾ ਅਹੁਦਾ ਸੰਭਾਲਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.