ਬੀਜਿੰਗ, 22 ਅਕਤੂਬਰ, ਹ.ਬ : ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੇਂਗਹੇ ਨੇ ਤਾਇਵਾਨ ਦੇ ਰਲੇਵੇਂ ਬਾਰੇ ਦੁਨੀਆ ਨੂੰ ਖ਼ਬਰਦਾਰ ਕੀਤਾ ਹੈ। ਉਨ੍ਹਾਂ ਨੇ ਚੀਨ ਨਾਲ ਤਾਇਵਾਨ ਦੇ ਰਲੇਵੇਂ ਦੀ ਗੱਲ ਕਰਦਿਆਂ ਚਿਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਇਸ ਪ੍ਰਕਿਰਿਆ ਨੂੰ ਕੋਈ ਰੋਕ ਨਹੀਂ ਸਕਦਾ। ਚੀਨ ਖ਼ੁਦਮੁਖ਼ਤਿਆਰ ਤਾਇਵਾਨ ਨੂੰ ਆਪਣਾ ਖੇਤਰ ਮੰਨਦਾ ਹੈ। ਖਾਨਾਜੰਗੀ ਤੋਂ ਬਾਅਦ ਇਹ ਦੁਵੱਲਾ ਖੇਤਰ 1949 'ਚ ਚੀਨ ਤੋਂ ਵੱਖ ਹੋ ਗਿਆ ਸੀ। ਬੀਜਿੰਗ ਇਹ ਧਮਕੀ ਵੀ ਦੇ ਚੁੱਕਿਆ ਹੈ ਕਿ ਤਾਇਵਾਨ ਜੇਕਰ ਚੀਨ 'ਚ ਨਹੀਂ ਮਿਲਿਆ ਤਾਂ ਬਲ ਦੀ ਵਰਤੋਂ ਕਰ ਕੇ ਹਾਸਲ ਕੀਤਾ ਜਾਵੇਗਾ। ਫੇਂਗਹੇ ਨੇ ਇੱਥੇ ਸੋਮਵਾਰ ਨੂੰ ਏਸ਼ੀਆਈ ਰੱਖਿਆ ਮੰਤਰੀਆਂ ਤੇ ਅਧਿਕਾਰੀਆਂ ਦੇ ਇਕ ਸੰਮੇਲਨ 'ਚ ਕਿਹਾ ਕਿ ਚੀਨ ਨਾਲ ਤਾਇਵਾਨ ਦੇ ਰਲੇਵੇਂ ਦੇ ਯਤਨਾਂ ਨੂੰ ਰੋਕਿਆ ਨਹੀਂ ਜਾਵੇਗਾ। ਇਸ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ। ਇਹ ਰਾਸ਼ਟਰ ਹਿੱਤ ਦਾ ਸਭ ਤੋਂ ਵੱਡਾ ਮਾਮਲਾ ਹੈ। ਚੀਨ ਦੇ ਤਾਇਵਾਨ ਨਾਲ ਸਬੰਧ ਸਾਲ 2016 'ਚ ਉਦੋਂ ਵਿਗੜ ਗਏ, ਜਦੋਂ ਰਾਸ਼ਟਰਪਤੀ ਸਾਈ ਇੰਗ-ਵੇਨ ਸੱਤਾ 'ਚ ਆਈ। ਉਨ੍ਹਾਂ ਦੀ ਪਾਰਟੀ ਨੇ ਤਾਇਵਾਨ ਨੂੰ ਚੀਨ ਦੇ ਹਿੱਸੇ ਦੇ ਤੌਰ 'ਤੇ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਤਾਇਵਾਨ 'ਤੇ ਦਬਾਅ ਬਣਾਉਣ ਲਈ ਚੀਨ ਉਸ ਦੇ ਨੇੜਲੇ ਇਲਾਕੇ 'ਚ ਕਈ ਵਾਰ ਫ਼ੌਜੀ ਅਭਿਆਸ ਕਰ ਚੁੱਕਿਆ ਹੈ। ਉਸ ਨੇ ਤਾਇਵਾਨ ਨੇੜੇ ਪੂਰਬੀ ਚੀਨ ਸਾਗਰ 'ਚ ਬੀਤੇ ਅਗਸਤ ਤੇ ਜੁਲਾਈ 'ਚ ਤਿੰਨ ਵਾਰ ਫ਼ੌਜੀ ਅਭਿਆਸ ਕੀਤੇ ਸਨ। ਤਾਇਵਾਨ ਤੇ ਅਮਰੀਕਾ ਵਿਚਕਾਰ ਵਧਦੇ ਰੱਖਿਆ ਸਬੰਧ ਚੀਨ ਨੂੰ ਪਸੰਦ ਨਹੀਂ ਹਨ। ਬੀਤੇ ਅਗਸਤ ਮਹੀਨੇ 'ਚ ਅਮਰੀਕਾ ਨੇ ਤਾਇਵਾਨ ਨੂੰ 66 ਐੱਫ-16 ਜੰਗੀ ਜਹਾਜ਼ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਸੀ। ਇਸ 'ਤੇ ਚੀਨ ਨੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.