ਗੁਰਦਵਾਰਾ ਕਰਤਾਰਪੁਰ ਸਾਹਿਬ ਵਿਖੇ ਪਾਲਕੀ 5 ਨਵੰਬਰ ਨੂੰ ਸੁਸ਼ੋਭਿਤ ਕੀਤੀ ਜਾਵੇਗੀ

ਇਸਲਾਮਾਬਾਦ, 4 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਦੁਨੀਆਂ ਦੇ ਕੋਨੇ-ਕੋਨੇ ਤੋਂ ਜਥੇ ਪਾਕਿਸਤਾਨ ਪੁੱਜਣੇ ਸ਼ੁਰੂ ਹੋ ਗਏ ਹਨ। ਯੂ.ਕੇ. ਤੋਂ 178 ਮੈਂਬਰਾਂ ਦਾ ਜਥਾ ਐਤਵਾਰ ਸ਼ਾਮ ਨਨਕਾਣਾ ਸਾਹਿਬ ਪੁੱਜ ਗਿਆ ਜਦਕਿ ਭਾਰਤ ਵਾਲੇ ਪਾਸਿਉਂ 1100 ਸ਼ਰਧਾਲੂਆਂ ਦਾ ਜਥਾ ਵਾਘਾ ਸਰਹੱਦ ਰਾਹੀਂ ਹਸਨ ਅਬਦਾਲ ਸ਼ਹਿਰ ਪੁੱਜਾ। ਦੂਜੇ ਪਾਸੇ ਗੁਰਦਵਾਰਾ ਕਰਤਾਰਪੁਰ ਸਾਹਿਬ ਵਿਖੇ ਪਾਲਕੀ ਸਾਹਿਬ ਸੁਸ਼ੋਭਿਤ ਕਰਨ ਦੀ ਰਸਮ ਮੰਗਲਵਾਰ ਨੂੰ ਅਦਾ ਕੀਤੀ ਜਾ ਰਹੀ ਹੈ। ਇਸੇ ਤਰ•ਾਂ ਅਮਰੀਕਾ, ਕੈਨੇਡਾ, ਯੂਰਪ ਅਤੇ ਆਸਟ੍ਰੇਲੀਆ ਤੋਂ ਵੀ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੀ ਆਮਦ ਜਾਰੀ ਹੈ ਅਤੇ ਪ੍ਰਕਾਸ਼ ਪੁਰਬ ਵਾਲੇ ਦਿਨ ਕਰਤਾਰਪੁਰ ਲਾਂਘੇ ਰਾਹੀਂ ਵੀ ਵੱਡੀ ਗਿਣਤੀ ਵਿਚ ਸੰਗਤ ਗੁਰਦਵਾਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇਗੀ। ਪਾਕਿਸਤਾਨ ਔਕਾਫ਼ ਬੋਰਡ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦੱਸਿਆ ਕਿ ਮੁੱਖ ਸਮਾਗਮ 12 ਨਵੰਬਰ ਨੂੰ ਗੁਰਦਵਾਰਾ ਕਰਤਾਰਪੁਰ ਸਾਹਿਬ ਵਿਖੇ ਹੋਵੇਗਾ। ਔਕਾਫ਼ ਬੋਰਡ ਵਿਚ ਧਾਰਮਿਕ ਸਥਾਨਾਂ ਬਾਰੇ ਡਿਪਟੀ ਸਕੱਤਰ ਇਮਰਾਨ ਗੌਂਡਲ ਨੇ ਦੱਸਿਆ ਕਿ ਨਗਰ ਕੀਰਤਨ ਵਿਚ ਸ਼ਾਮਲ ਸੰਗਤ ਲਈ 1300 ਵੀਜ਼ਾ ਜਾਰੀ ਕੀਤੇ ਗਏ ਹਨ ਜਦਕਿ ਕਰਤਾਰਪੁਰ ਲਾਂਘੇ ਰਾਹੀਂ ਬਗ਼ੈਰ ਵੀਜ਼ਾ ਤੋਂ ਹੀ ਗੁਰੂ ਨਾਨਕ ਨਾਮ ਲੇਵਾ ਪਾਕਿਸਤਾਨ ਵਿਚ ਦਾਖ਼ਲ ਹੋ ਸਕਣਗੇ। ਉਨ•ਾਂ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਜ਼ਿਲ•ਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਰਹਿਣ-ਸਹਿਣ ਵਾਸਤੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਦੂਜੇ ਪਾਸੇ ਅੰਮ੍ਰਿਤਸਰ ਤੋਂ ਇਕ ਹੋਰ ਜਥਾ ਮੰਗਲਵਾਰ ਨੂੰ ਪਾਕਿਸਤਾਨ ਪੁੱਜ ਰਿਹਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.