ਹੈਮਿਲਟਨ ਅਤੇ ਨਿਆਗਰਾ ਰੀਜਨ ਵਿਚ ਆਵੇਗਾ ਬਰਫ਼ਾਨੀ ਤੂਫ਼ਾਨ

ਟੋਰਾਂਟੋ, 11 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਅਤੇ ਜੀ.ਟੀ.ਏ. ਦੇ ਜ਼ਿਆਦਾਤਰ ਇਲਾਕਿਆਂ ਵਿਚ ਸੋਮਵਾਰ ਨੂੰ 15 ਸੈਂਟੀਮੀਟਰ ਤੱਕ ਬਰਫ਼ ਪੈ ਸਕਦੀ ਹੈ ਅਤੇ ਮੌਸਮ ਵਿਭਾਗ ਨੇ ਲੋਕਾਂ ਨੂੰ ਸੁਚੇਤ ਰਹਿਣ ਦਾ ਸੁਝਾਅ ਦਿਤਾ ਹੈ। ਬਰੈਂਪਟਨ, ਮਿਸੀਸਾਗਾ, ਮਾਰਖਮ, ਰਿਚਮੰਡ ਹਿਲ, ਪਿਕਰਿੰਗ ਅਤੇ ਓਸ਼ਾਵਾ ਨੂੰ ਵੈਦਰ ਐਡਵਾਇਜ਼ਰੀ ਦੇ ਘੇਰੇ ਵਿਚ ਰੱਖਿਆ ਗਿਆ ਹੈ ਜਿਸ ਦੇ ਮੱਦੇਨਜ਼ਰ ਸੋਮਵਾਰ ਆਵਾਜਾਈ ਪ੍ਰਭਾਵਤ ਹੋ ਸਕਦੀ ਹੈ। ਐਨਵਾਇਰਨਮੈਂਟ ਕੈਨੇਡਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੋਮਵਾਰ ਨੂੰ ਗਰੇਟ ਲੇਕਸ ਦੇ ਦੱਖਣ ਵੱਲ ਘੱਟ ਦਬਾਅ ਵਾਲਾ ਖੇਤਰ ਵਿਕਸਤ ਹੋਣ ਕਾਰਨ ਭਾਰੀ ਬਰਫ਼ਬਾਰੀ ਹੋ ਸਕਦੀ ਹੈ। ਫਿਰ ਵੀ ਇਹ ਦੱਸਣਾ ਮੁਸ਼ਕਲ ਹੋਵੇਗਾ ਕਿ ਘੱਟ ਦਬਾਅ ਵਾਲੀ ਅਸਮਾਨੀ ਪ੍ਰਕਿਰਿਆ ਕਿਸ ਦਿਸ਼ਾ ਵੱਲ ਅੱਗੇ ਵਧੇਗੀ। ਬਰਲਿੰਗਟਨ ਅਤੇ ਓਕਵਿਲ ਵਿਖੇ 25 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਜਦਕਿ ਸੇਂਟ ਕੈਥਰੀਨਜ਼, ਨਿਆਗਰਾ ਰੀਜਨ ਦੇ ਉੱਤਰੀ ਇਲਾਕਿਆਂ ਅਤੇ ਹੈਮਿਲਟਨ ਵਿਖੇ ਬਰਫ਼ਾਨੀ ਤੂਫ਼ਾਨ ਆ ਸਕਦਾ ਹੈ ਜਿਸ ਦੌਰਾਨ 30 ਸੈਂਟੀਮੀਟਰ ਬਰਫ਼ਬਾਰੀ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਬਰਫ਼ਬਾਰੀ ਸੋਮਵਾਰ ਸਵੇਰੇ ਸ਼ੁਰੂ ਹੋਵੇਗੀ ਜੋ ਸ਼ਾਮ ਤੱਕ ਜਾਰੀ ਰਹਿ ਸਕਦੀ ਹੈ ਅਤੇ ਇਥੋਂ ਤੱਕ ਕਿ ਦੇਰ ਰਾਤ ਵੀ ਬਰਫ਼ਬਾਰੀ ਹੁੰਦੇ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਉਧਰ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਵੱਲੋਂ ਲੋਕਾਂ ਨੂੰ ਸੁਝਾਅ ਦਿਤਾ ਜਾ ਰਿਹਾ ਹੈ ਕਿ ਘਰੋਂ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਸਟੇਟਸ ਲਾਜ਼ਮੀ ਤੌਰ 'ਤੇ ਚੈਕ ਕਰ ਲੈ।

ਹੋਰ ਖਬਰਾਂ »

ਹਮਦਰਦ ਟੀ.ਵੀ.