ਮੁਕਤਸਰ, 15 ਨਵੰਬਰ, ਹ.ਬ. : 3 ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 21 ਲੱਖ ਰੁਪਏ ਤੋਂ ਜ਼ਿਆਦਾ ਦੀ ਠੱਗੀ ਕੀਤੀ ਗਈ। ਮੁਲਜ਼ਮ ਮਨਪ੍ਰੀਤ ਸਿੰਘ ਉਰਫ ਅਮਨਾ ਅਤੇ ਰਾਜਵਿੰਦਰ ਸਿੰਘ ਉਰਫ ਭੁੰਡੀ ਪਿੰਡ ਰੁਮਾਣਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਗੁਰਪ੍ਰੀਤ ਸਿੰਘ ਵਾਸੀ ਮੌੜ ਮੰਡੀ ਨੇ ਅਪਣੇ ਲੜਕੇ ਗੁਰਭੇਜ ਸਿੰਘ, ਭਾਣਜੇ ਮੁਕਲਜੀਤ ਸਿੰਘ ਅਤੇ ਦੋਸਤ ਜਗਸੀਰ ਸਿੰਘ ਨੂੰ ਵਿਦੇਸ਼ ਭੇਜਣਾ ਸੀ ਅਤੇ ਉਸ ਦੀ ਮਨਪ੍ਰੀਤ ਅਤੇ ਰਾਜਵਿੰਦਰ ਸਿੰਘ ਦੋਵਾਂ ਨਾਲ ਗੱਲਬਾਤ ਤੈਅ ਹੋ ਗਈ। ਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਲੋਕਾਂ ਨੂੰ ਜਰਮਨੀ ਭੇਜਦੇ ਹਨ। ਮਨਪ੍ਰੀਤ ਨੇ ਗੁਰਭੇਜ ਸਿੰਘ ਨਾਲ ਉਨ੍ਹਾਂ ਦੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਲੈ ਲਏ ਅਤੇ ਗੁਰਪ੍ਰੀਤ ਸਿੰਘ ਕੋਲੋਂ 21 ਲੱਖ ਰੁਪਏ ਤੋਂ ਜ਼ਿਆਦਾ ਰੁਪਏ ਲੈ ਗਏ।
ਮੁਲਜ਼ਮਾਂ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਉਹ ਗੁਰਭੇਜ ਸਿੰਘ ਦਾ ਵਿਆਹ ਜਰਮਨੀ ਦੀ ਇੱਕ ਪੀਆਰ ਲੜਕੀ ਰਮਨਪ੍ਰੀਤ ਕੌਰ ਨਿਵਾਸੀ ਮੱਲਾਂਵਾਲਾ ਖਾਸ (ਫਿਰੋਜ਼ਪੁਰ) ਨਾਲ ਕਰਵਾ ਦੇਣਗੇ ਅਤੇ ਉਸ ਤੋਂ ਬਾਅਦ ਤਿੰਨ ਲੋਕ ਜਰਮਨੀ ਚਲੇ ਜਾਣਗੇ। ਇਸ ਦੇ ਲਈ 24 ਮਈ 2019 ਨੂੰ ਫਿਰੋਜ਼ਪੁਰ ਦੇ ਚਾਂਦ ਪੈਲੇਸ ਵਿਚ ਵਿਆਹ ਦਾ ਦਿਨ ਫਿਕਸ ਕਰ ਲਿਆ ਗਿਆ। ਜਦ ਗੁਰਪ੍ਰੀਤ ਸਿੰਘ ਅਤੇ ਹੋਰ ਗੁਰਭੇਜ ਸਿੰਘ ਦੀ ਬਰਾਤ ਪੈਲੇਸ ਲੈਕੇ ਗਏ ਤਾਂ ਨਾ ਲੜਕੀ ਸੀ ਅਤੇ ਨਾ ਹੀ ਮੁਲਜ਼ਮ। ਪੀੜਤ ਨੂੰ ਪਤਾ ਚਲ ਗਿਆ ਕਿ ਉਸ ਦੇ ਨਾਲ ਠੱਗੀ ਹੋਈ ਹੈ। ਇਸ ਤੋਂ ਬਾਅਦ ਮਾਮਲਾ ਸੀਨੀਅਰ ਪੁਲਿਸ ਕਪਤਾਨ ਮੁਕਤਸਰ ਦੇ ਧਿਆਨ ਵਿਚ ਲਿਆਇਆ ਗਿਆ। ਐਸਐਸਪੀ ਨੇ ਮਾਮਲਾ ਪੜਤਾਲ ਦੇ ਲਈ ਭੇਜ  ਦਿੱਤਾ।  ਜਾਂਚ ਵਿਚ ਪੀੜਤ ਵਲੋਂ ਲਾਏ ਗਏ ਦੋਸ਼ ਸਾਬਤ ਹੋਣ 'ਤੇ ਪੁਲਿਸ ਨੇ ਮਨਪ੍ਰੀਤ ਸਿੰਘ ਉਰਫ ਅਮਨਾ ਅਤੇ ਰਾਜਵਿੰਦਰ ਸਿੰਘ ਉਰਫ  ਭੁੰਡੀ 'ਤੇ ਠੱਗੀ ਕਰਨ ਦਾ ਮਾਮਲਾ ਦਰਜ ਕਰ ਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.