ਆਇਲਟਸ ਪਾਸ ਕੁੜੀ ਨਾਲ ਵਿਆਹ ਕਰਵਾਉਣਾ ਪਿਆ ਮਹਿੰਗਾ

ਪਟਿਆਲਾ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਆਇਲਟਸ ਪਾਸ ਕੁੜੀ ਨਾਲ ਵਿਆਹ ਕਰਵਾ ਕੇ ਕੈਨੇਡਾ ਜਾਣ ਦੇ ਸੁਪਨੇ ਵੇਖ ਰਹੇ ਨੌਜਵਾਨ ਸੁਚੇਤ ਹੋ ਜਾਣ। ਜੀ ਹਾਂ, ਮੁੰਡੇ ਵਾਲਿਆਂ ਦੇ ਖ਼ਰਚੇ 'ਤੇ ਕੈਨੇਡਾ ਪੁੱਜਣ ਮਗਰੋਂ ਕੁੜੀ ਵਾਲਿਆਂ ਵੱਲੋਂ ਵਾਅਦੇ ਤੋਂ ਮੁਕਰਨ ਦੇ ਮਾਮਲੇ ਲਗਾਤਾਰ ਵਧਾ ਰਹੇ ਹਨ। ਤਾਜ਼ਾ ਮਾਮਲਾ ਪਟਿਆਲਾ ਜ਼ਿਲ•ੇ ਦੇ ਨਾਭਾ ਕਸਬੇ ਵਿਚ ਸਾਹਮਣੇ ਆਇਆ ਜਿਥੇ ਆਇਲਟਸ ਪਾਸ ਕੁੜੀ ਨਾਲ ਆਪਣਾ ਮੁੰਡਾ ਵਿਆਹੁਣ ਮਗਰੋਂ ਆਪਣੀ ਨੂੰਹ ਨੂੰ ਕੈਨੇਡਾ ਭੇਜਣ ਦਾ ਸਾਰਾ ਖ਼ਰਚਾ ਸਹੁਰੇ ਪਰਵਾਰ ਨੇ ਚੁੱਕਿਆ ਪਰ ਹੁਣ ਉਹੀ ਨੂੰਹ ਆਪਣੇ ਪਤੀ ਨੂੰ ਕੈਨੇਡਾ ਸੱਦਣ ਵਾਸਤੇ 60 ਲੱਖ ਰੁਪਏ ਮੰਗ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ ਨਾਭਾ ਦੀ ਹੀਰਾ ਮਹਿਲਾ ਕਾਲੋਨੀ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਦਾ ਵਿਆਹ ਜੁਲਾਈ 2016 ਵਿਚ ਲੁਧਿਆਣਾ ਦੀ ਕੋਮਲਪ੍ਰੀਤ ਕੌਰ ਨਾਲ ਹੋਇਆ ਸੀ ਅਤੇ ਇਸ ਮਗਰੋਂ ਦੋਹਾਂ ਪਰਵਾਰਾਂ ਨੇ ਆਪਸੀ ਸਹਿਮਤੀ ਨਾਲ ਕੋਮਲਪ੍ਰੀਤ ਨੂੰ ਆਇਲਟਸ ਕਰਵਾਇਆ ਅਤੇ ਜੁਲਾਈ 2017 ਵਿਚ ਸਹੁਰੇ ਪਰਵਾਰ ਦੇ ਖ਼ਰਚੇ 'ਤੇ ਉਹ ਪੋਸਟ ਗ੍ਰੈਜੁਏਸ਼ਨ ਕੋਰਸ ਕਰਨ ਵੈਨਕੂਵਰ ਚਲੀ ਗਈ। ਕੋਮਲਪ੍ਰੀਤ ਇਹ ਵਾਅਦਾ ਕਰ ਕੇ ਗਈ ਸੀ ਕਿ ਇਕ ਹਫ਼ਤੇ ਬਾਅਦ ਹੀ ਆਪਣੇ ਪਤੀ ਨੂੰ ਕੈਨੇਡਾ ਸੱਦਣ ਵਾਸਤੇ ਕਾਗਜ਼ ਭੇਜ ਦੇਵੇਗੀ ਪਰ ਪੜ•ਾਈ ਮੁਕੰਮਲ ਹੋਣ ਅਤੇ ਵਰਕ ਪਰਮਿਟ ਮਿਲਣ ਦੇ ਬਾਵਜੂਦ ਕੋਮਲਪ੍ਰੀਤ ਨੇ ਆਪਣੇ ਪਤੀ ਨੂੰ ਕੈਨੇਡਾ ਬੁਲਾਉਣ ਦੀ ਕੋਈ ਕੋਸ਼ਿਸ਼ ਨਾ ਕੀਤੀ। ਅੰਮ੍ਰਿਤਪਾਲ ਦੇ ਮਾਪਿਆਂ ਨੇ ਆਪਣੇ ਕੁੜਮਾਂ ਨਾਲ ਗੱਲਬਾਤ ਕੀਤੀ ਤਾਂ ਉਹ ਕਥਿਤ ਤੌਰ 'ਤੇ 60 ਲੱਖ ਰੁਪਏ ਮੰਗਣ ਲੱਗੇ। ਅੰਮ੍ਰਿਤਪਾਲ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੋਮਲਪ੍ਰੀਤ ਕੌਰ, ਉਸ ਦੇ ਪਿਤਾ ਅਮਰ ਸਿੰਘ, ਮਾਂ  ਕੁਲਦੀਪ ਕੌਰ, ਭਰਾ ਹਰਕੰਵਲ ਸਿੰਘ ਅਤੇ ਮਾਮੇ ਜਾਗਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਦੋਹਾਂ ਪਰਵਾਰਾਂ ਦੀ ਮੁਲਾਕਾਤ ਅਖ਼ਬਾਰੀ ਇਸ਼ਤਿਹਾਰ ਰਾਹੀਂ ਹੋਈ ਸੀ। ਅੰਮ੍ਰਿਤਪਾਲ ਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਵਿਆਹ ਮਗਰੋਂ ਕੋਮਲਪ੍ਰੀਤ ਜ਼ਿਆਦਾਤਰ ਆਪਣੇ ਪੇਕੇ ਪਰਵਾਰ ਕੋਲ ਹੀ ਰਹਿੰਦੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.