ਬਠਿੰਡਾ, 4 ਦਸੰਬਰ, ਹ.ਬ. : ਬਠਿੰਡਾ ਦੀ ਫ਼ੌਜੀ ਛਾਉਣੀ 'ਚ ਆਪਣੀ ਭਾਬੀ ਦੀ ਹੱਤਿਆ ਕਰਨ ਵਾਲੇ ਦੋ ਸਕੇ ਭਰਾਵਾਂ ਨੂੰ ਥਾਣਾ ਕੈਂਟ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਮੰਗਲਵਾਰ ਨੂੰ ਮ੍ਰਿਤਕਾ ਦੀ ਮਾਂ ਦੇ ਬਿਆਨਾਂ 'ਤੇ ਪਤੀ ਨੂੰ ਵੀ ਇਸ ਮਾਮਲੇ 'ਚ ਨਾਮਜ਼ਦ ਕੀਤਾ ਹੈ। ਮ੍ਰਿਤਕਾ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਕਤਲ ਦੀ ਇਸ ਸਾਜਿਸ਼ 'ਚ ਉਨ੍ਹਾਂ ਦਾ ਜਵਾਈ ਗੋਪਾਲ ਚੰਦ ਵੀ ਸ਼ਾਮਲ ਹੈ। ਪੁਲਿਸ ਨੇ ਕਥਿਤ ਦੋਸ਼ੀ ਪਤੀ ਗੋਪਾਲ ਚੰਦ ਨੂੰ ਹੱਤਿਆ ਦੀ ਸਾਜ਼ਿਸ਼ ਘੜਨ ਦੇ ਮਾਮਲੇ 'ਚ ਨਾਮਜ਼ਦ ਕਰਦੇ ਹੋਏ ਉਸਦੀ ਗ੍ਰਿਫ਼ਤਾਰੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਨੇ ਦੋਵੇਂ ਭਰਾਵਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ ਤਾਂ ਕਿ ਕਤਲ ਕਰਨ ਦੇ ਸਹੀ ਕਾਰਨ ਦਾ ਪਤਾ ਲਾਇਆ ਜਾ ਸਕੇ। ਦੱਸਣਯੋਗ ਹੈ ਕਿ ਬਠਿੰਡਾ ਫ਼ੌਜੀ ਛਾਉਣੀ ਦੀ ਗੋਬਿੰਦ ਕਾਲੋਨੀ 'ਚ ਰਹਿਣ ਵਾਲੀ ਰਜਨੀ ਉਰਫ਼ ਲਛਮੀ ਪਤੀ ਗੋਪਾਲ ਚੰਦ ਦਾ ਲੰਘੇ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਉਸ ਦੇ ਜੇਠ ਸ਼ਾਮ ਤੇ ਦਿਉਰ ਰਾਮ ਨੇ ਮਿਲ ਕੇ ਕਤਲ ਕਰ ਦਿੱਤਾ ਸੀ। ਕਥਿਤ ਦੋਸ਼ੀਆਂ ਨੇ ਪਹਿਲਾਂ ਆਪਣੀ ਭਾਬੀ ਨੂੰ ਕਰੰਟ ਲਾਇਆ ਸੀ ਤੇ ਉਸ ਤੋਂ ਬਾਅਦ ਗਲ਼ਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਘਟਨਾ ਸਮੇਂ ਫੌਜੀ ਪਤੀ ਡਿਊਟੀ ਗਿਆ ਹੋਇਆ ਸੀ। ਦੱਸਣਯੋਗ ਹੈ ਕਿ ਰਜਨੀ ਦਾ ਪਤੀ ਗੋਪਾਲ ਚੰਦ 47 ਏਡੀ ਰੈਜੀਮੈਂਟ 'ਚ ਬਤੌਰ ਹੌਲਦਾਰ ਤਾਇਨਾਤ ਹੈ। ਉਸ ਦੇ ਦੋਵੇਂ ਭਰਾ ਸ਼ਾਮ ਤੇ ਰਾਮ ਵੀ ਫੌਜ 'ਚ ਹਨ। ਰਜਨੀ ਦਾ ਆਪਣੇ ਦਿਉਰ ਤੇ ਜੇਠ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਰਜਨੀ ਆਪਣੇ ਪਤੀ ਗੋਪਾਲ ਚੰਦ ਨੂੰ ਵੀ ਆਪਣੇ ਭਰਾਵਾਂ ਨਾਲ ਬੋਲਣ ਤੋਂ ਰੋਕਦੀ ਸੀ, ਜੋ ਕਿ ਗੋਪਾਲ ਚੰਦ ਨੂੰ ਪਸੰਦ ਨਹੀਂ ਸੀ। ਇਸ ਗੱਲ ਨੂੰ ਲੈ ਕੇ ਕਈ ਵਾਰ ਝਗੜਾ ਵੀ ਹੋ ਚੁੱਕਿਆ ਸੀ। ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਕਰਮ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਦਿਓਰ ਤੇ ਜੇਠ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਮਾਮਲੇ 'ਚ ਪਤੀ ਗੋਪਾਲ ਚੰਦ ਨੂੰ ਵੀ ਹੱਤਿਆ ਦੀ ਸਾਜ਼ਿਸ਼ 'ਚ ਸ਼ਾਮਲ ਹੋਣ ਦਾ ਬਿਆਨ ਮ੍ਰਿਤਕਾ ਦੀ ਮਾਤਾ ਵੱਲੋਂ ਦਿੱਤਾ ਗਿਆ ਹੈ। ਪੁਲਿਸ ਨੇ ਮਿਬਕਾ ਦੀ ਮਾਂ ਦੇ ਬਿਆਨਾਂ 'ਤੇ ਕਥਿਤ ਦੋਸ਼ੀ ਪਤੀ ਨੂੰ ਮਾਮਲੇ 'ਚ ਨਾਮਜ਼ਦ ਕਰਦੇ ਹੋਏ ਗ੍ਰਿਫ਼ਤਾਰ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.