ਮੋਹਾਲੀ, 12 ਦਸੰਬਰ, ਹ.ਬ. : ਸਪੈਸ਼ਲ ਟਾਸਕ ਫੋਰਸ ਨੇ ਨਸ਼ਾ ਤਸਕਰ ਨੂੰ 140 ਗਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਮ੍ਰਤਪਾਲ ਸਿੰਘ ਉਰਫ ਮਮੂ ਨਿਵਾਸੀ ਪਿੰਡ ਬਰਾਸ ਥਾਣਾ ਵਡਾਲੀ ਆਲਾ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਰੂਪ ਵਿਚ ਹੋਈ ਹੈ। ਮੁਲਜ਼ਮ 'ਤੇ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਉਸ ਨੂੰ  ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਸ ਨੂੰ ਇੱਕ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ। ਐਸਟੀਐਫ ਰੂਪਨਗਰ ਰੇਂਜ ਦੇ ਏਆਈਜੀ ਹਰਪ੍ਰੀਤ ਸਿੰਘ ਨੇ ਮਾਮਲੇ ਦੀ ਪੁਸ਼ਟੀ ਕੀਤੀ। ਜਾਣਕਾਰੀ ਮੁਤਾਬਕ ਐਸਟੀਐਫ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਹੈਰੋਇਨ ਦੀ ਸਪਲਾਈ ਕਰਨ ਜਾ ਰਿਹਾ ਹੈ।  ਸੂਚਨਾ 'ਤੇ ਏਐਸਆਈ ਅਵਤਾਰ ਸਿੰਘ ਦੀ ਅਗਵਾਈ ਵਿਚ ਲਖਨੌਰ ਤੋਂ ਲਾਂਡਰਾਂ ਆਉਣ ਵਾਲੀ ਰੋਡ 'ਤੇ ਨਾਕਾ ਲਾਇਆ। ਇਸ ਦੌਰਾਨ ਜਦ ਲੁਧਿਅਣਾ ਨੰਬਰ ਦੀ ਸਕੌਡਾ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਹੈਰੋਇਨ ਬਰਾਮਦ ਹੋਈ। ਪੁਛਗਿੱਛ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਦਾ ਪਿੰਡ ਵਿਚ ਝਗੜਾ ਹੋਣ 'ਤੇ ਉਸ 'ਤੇ ਕੇਸ ਦਰਜ ਹੋ ਗਿਆ ਸੀ। ਬਾਅਦ ਵਿਚ ਦੋਵੇਂ ਧਿਰਾਂ ਵਿਚ ਸਮਝੌਤਾ ਹੋ ਗਿਆ। ਮਾਮਲੇ ਨਾਲ ਨਿਪਟਣ ਦੇ ਲਈ ਉਸ ਨੂੰ ਪੈਸਿਆਂ ਦੀ ਜ਼ਰੂਰਤ ਸੀ। ਜਦ ਉਸ ਨੇ ਅਪਣੇ ਪੁਰਾਣੇ ਦੋਸਤ ਕੋਲੋਂ ਪੈਸੇ ਮੰਗੇ ਤਾਂ ਪੈਸੇ ਦੇਣ ਦੀ ਬਜਾਏ ਦੋਸਤ ਨੇ ਹੈਰੋਇਨ ਸਪਲਾਈ ਕਰਨ ਦੇ ਲਈ ਕਿਹਾ ਜਿਸ ਦੇ ਬਾਅਦ ਤੋਂ ਉਹ ਨਸ਼ਾ ਤਸਕਰ ਬਣ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.