ਪੁਲਿਸ ਨੇ ਚਲਦੀ ਇੰਟਰਵਿਊ ਵਿਚੋਂ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ, 15 ਜਨਵਰੀ, ਹ.ਬ. :  ਚੰਡੀਗੜ੍ਹ ਦੇ ਹੋਟਲ ਵਿਚ ਸੰਗਰੂਰ ਦੀ ਸਰਬਜੀਤ ਦਾ ਕਤਲ ਕਰਨ ਵਾਲੇ ਮਨਿੰਦਰ ਸਿੰਘ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।  ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਵਿਚ ਪੈਂਦੇ ਹੋਟਲ ਸਕਾਈ ਵਿਚ ਸੰਗਰੂਰ ਦੀ ਰਹਿਣ ਵਾਲੀ 29 ਸਾਲਾ ਲੜਕੀ ਸਰਬਜੀਤ ਕੌਰ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਮਨਿੰਦਰ ਸਿੰਘ ਆਤਮ ਸਮਰਪਣ ਕਰਨ ਲਈ ਚੰਡੀਗੜ੍ਹ ਦੇ ਟੀ.ਵੀ. ਚੈਨਲ ਦਫ਼ਤਰ ਪੁੱਜੇ ਸੀ। ਉਸ ਨੇ ਹੱਤਿਆ ਦੀ ਵਾਰਦਾਤ ਨੂੰ ਕਬੂਲ ਕਰਦੇ ਹੋਏ ਦੱਸਿਆ ਕਿ ਉਸ ਨੇ ਸ਼ੱਕ ਦੇ ਚਲਦੇ ਸਰਬਜੀਤ ਕੌਰ ਦੀ ਹੱਤਿਆ ਕੀਤੀ ਹੈ। ਉਸ ਨੂੰ ਇਹ ਸ਼ੱਕ ਸੀ ਕਿ ਸਰਬਜੀਤ ਕੌਰ ਕਿਸੇ ਹੋਰ ਲੜਕੇ ਨਾਲ ਫੇਸਬੁੱਕ 'ਤੇ ਗੱਲ ਕਰਦੀ ਹੈ।
ਹੱਤਿਆ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਚਲ ਰਿਹਾ ਸੀ। ਜਿਸ ਹੋਟਲ ਵਿਚ ਉਸ ਨੇ ਕਤਲ ਕੀਤਾ ਸੀ, ਉਸ ਦੇ ਨੇੜੇ ਪੈਂਦੇ ਟੀ.ਵੀ. ਚੈਨਲ ਦੇ ਦਫ਼ਤਰ ਪੁੱਜਿਆ ਜਿੱਥੋਂ ਬਾਅਦ ਵਿਚ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।  ਉਸ ਨੇ ਦੱਸਿਆ ਕਿ ਉਹ ਸਰਬਜੀਤ ਨਾਲ ਵਿਆਹ ਕਰਨਾ ਚਹੁੰਦਾ ਸੀ।
ਮਨਿੰਦਰ ਸਿੰਘ ਨੇ ਦੱਸਿਆ ਕਿ ਸਰਬਜੀਤ ਕੌਰ ਅਪਣੇ ਭਰਾ ਦੇ ਸਾਲੇ ਕੁਲਵਿੰਦਰ ਸਿੰਘ ਨਾਲ ਫੇਸਬੁੱਕ 'ਤੇ ਗੱਲ ਕਰਦੀ ਸੀ ਜਿਸ ਕਰਕੇ ਉਨ੍ਹਾਂ ਦੀ ਲੜਾਈ ਹੋਈ ਸੀ। ਹੋਟਲ ਪੁੱਜਣ 'ਤੇ ਵੀ ਸਰਬਜੀਤ ਕੌਰ ਨੂੰ ਕੁਲਵਿੰਦਰ ਸਿੰਘ  ਦਾ ਮੈਸੇਜ ਆ ਗਿਆ ਜਿਸ ਕਾਰਨ ਗੁੱਸੇ ਵਿਚ ਆ ਕੇ ਮਨਿੰਦਰ ਨੇ ਸਰਬਜੀਤ ਦਾ ਕਤਲ ਕਰ ਦਿੱਤਾ।
ਹੱਤਿਆ ਕਰਨ ਤੋਂ ਬਾਅਦ ਮਨਿੰਦਰ ਉਥੋਂ ਫਰਾਰ ਹੋ ਗਿਆ। ਦੱਸਦੇ ਚਲੀਏ ਕਿ ਸਰਬਜੀਤ ਕੌਰ ਸੰਗਰੂਰ ਦੇ ਪਿੰਡ ਕਾਕੜਾ ਦੀ ਰਹਿਣ ਵਲੀ ਸੀ ਤੇ ਮੁਹਾਲੀ ਦੇ ਹਸਪਤਾਲ ਵਿਚ ਨਰਸ ਸੀ।  ਸੈਕਟਰ 30 ਦਾ ਰਹਿਣ ਵਾਲਾ ਮਨਿੰਦਰ ਪਹਿਲਾਂ ਵੀ ਹਰਿਆਣਾ ਵਿਚ ਇੱਕ ਲੜਕੀ ਦਾ ਕਤਲ ਕਰ ਚੁੱਕਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.