ਇਸਲਾਮਿਕ ਸਟੇਟ ਦੇ ਦਾਅਵੇ ਮਗਰੋਂ ਸੁਰੱਖਿਆ ਏਜੰਸੀਆਂ ਕਰ ਰਹੀਆਂ ਪੜਤਾਲ

ਕਾਬੁਲ, 28 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦਵਾਰਾ ਸਾਹਿਬ 'ਤੇ ਆਤਮਘਾਤੀ ਹਮਲਾ ਕਰਨ ਵਾਲਿਆਂ ਵਿਚੋਂ ਇਕ ਭਾਰਤ ਦੇ ਕੇਰਲ ਸੂਬੇ ਨਾਲ ਸਬੰਧਤ ਸੀ। ਹਮਲੇ ਦੀ ਜ਼ਿੰਮੇਵਾਰੀ ਲੈਣ ਮਗਰੋਂ ਇਸਲਾਮਿਕ ਸਟੇਟ ਨੇ ਦਾਅਵਾ ਕੀਤਾ ਹੈ ਕਿ ਹਮਲਾਵਰਾਂ ਵਿਚੋਂ ਇਕ ਅਬੂ ਖਾਲਿਦ ਹਿੰਦੋਸਤਾਨੀ ਸੀ। ਜਾਂਚ ਏਜੰਸੀਆਂ ਨੇ ਉਸ ਦੀ ਸ਼ਨਾਖ਼ਤ ਕੇਰਲ ਦੇ ਕਾਸਰਗੌਡ ਨਿਵਾਸੀ ਮੁਹੰਮਦ ਸਾਜਿਜ ਵਜੋਂ ਕੀਤੀ ਹੈ। ਇਸਲਾਮਿਕ ਸਟੇਟ ਨੇ ਆਪਣੇ ਰਸਾਲੇ ਅਲ ਨਬਾ ਵਿਚ ਹਮਲਾਵਰਾਂ ਦੀਆਂ ਤਸਵੀਰਾਂ ਛਾਪੀਆਂ ਸਨ ਜਿਨ•ਾਂ ਵਿਚੋਂ ਇਕ ਦੀ ਪਛਾਣ ਸਾਜਿਦ ਵਜੋਂ ਕੀਤੀ ਗਈ ਜਿਸ ਦੇ ਹੱਥ ਵਿਚ ਰਾਈਫ਼ਲ ਸੀ। ਖੁਫੀਆ ਏਜੰਸੀਆਂ ਇਹ ਪਤਾ ਕਰਨ ਦੇ ਯਤਨ ਕਰ ਰਹੀਆਂ ਹਨ ਕਿ ਸਾਜਿਦ ਕਿਸ ਤਰੀਕੇ ਨਾਲ ਅਫ਼ਗਾਨਿਸਤਾਨ ਪਹੁੰਚਿਆ। ਇਸ ਤੋਂ ਪਹਿਲਾਂ ਐਨ.ਆਈ.ਏ. ਨੇ ਖੁਲਾਸਾ ਕੀਤਾ ਸੀ ਕਿ ਸਾਜਿਦ ਨੂੰ ਇਸਲਾਮਿਕ ਸਟੇਟ ਵਿਚ ਭਰਤੀ ਕਰਵਾਉਣ ਵਾਲਾ ਅਬਦੁਲ ਰਾਸ਼ਿਦ ਅਬਦੁੱਲਾ ਚੰਦੇਰਾ ਸੀ। ਚੰਦੇਰਾ ਪਿਛਲੇ ਸਾਲ ਅਫ਼ਗਾਨਿਸਤਾਨ ਵਿਚ ਮਾਰਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸਾਜਿਦ 2016 ਵਿਚ ਇਸਲਾਮਿਕ ਸਟੇਟ ਦਾ ਹਿੱਸਾ ਬਣਨ ਅਫ਼ਗਾਨਿਸਤਾਨ ਗਿਆ ਸੀ ਅਤੇ ਇਸ ਤੋਂ ਪਹਿਲਾਂ ਖਾੜੀ ਮੁਲਕ ਦੇ ਕਿਸੇ ਦੁਕਾਨ ਵਿਚ ਕੰਮ ਕਰਦਾ ਸੀ। ਸਾਜਿਦ ਦੇ ਇਸਲਾਮਿਕ ਸਟੇਟ ਵਿਚ ਸ਼ਾਮਲ ਹੋਣ ਮਗਰੋਂ ਉਸ ਦੇ ਪਿਤਾ ਮਹਿਮੂਦ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਚਾਰ ਸਾਲ ਪਹਿਲਾਂ ਕੇਰਲ ਤੋਂ ਇਸਲਾਮਿਕ ਸਟੇਟ ਵਿਚ ਸ਼ਾਮਲ ਹੋਣ ਗਏ 14 ਜਣਿਆਂ ਵਿਚੋਂ 7 ਹੁਣ ਤੱਕ ਮਾਰੇ ਜਾ ਚੁੱਕੇ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.