ਮੁੰਬਈ, 18 ਮਈ (ਹਮਦਰਦ ਨਿਊਜ਼ ਸਰਵਿਸ) :  ਬਾਲੀਵੁੱਡ ਅਦਾਕਾਰ ਸੱਤਿਆਜੀਤ ਦੂਬੇ ਦੀ ਮਾਂ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਈ ਹੈ। ਉਸ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਸੱਤਿਆਜੀਤ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ। ਅਦਾਕਾਰ ਨੇ ਆਪਣੀ ਮਾਂ ਦੀ ਸਿਹਤ ਬਾਰੇ ਵਿਸਥਾਰ 'ਚ ਦੱਸਿਆ ਹੈ। ਸੱਤਿਆਜੀਤ ਨੇ ਇੰਸਟਾਗ੍ਰਾਮ 'ਤੇ ਦੱਸਿਆ ਹੈ ਕਿ ਉਨ੍ਹਾਂ ਦੀ ਮਾਂ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਨ੍ਹਾਂ ਕਿਹਾ, ''ਪਿਛਲੇ ਕੁਝ ਦਿਨ ਮੇਰੀ ਮਾਂ, ਭੈਣ ਤੇ ਮੇਰੇ ਲਈ ਕੁਝ ਮੁਸ਼ਕਲ ਸਾਬਤ ਹੋਏ ਹਨ। ਕੁਝ ਦਿਨਾਂ ਤੋਂ ਮੇਰੀ ਮਾਂ ਦੀ ਹਾਲਤ ਠੀਕ ਨਹੀਂ ਸੀ। ਉਨ੍ਹਾਂ ਨੂੰ ਸਿਰ ਦਰਦ ਤੇ ਤੇਜ਼ ਬੁਖਾਰ ਸੀ। ਅਸੀਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਅਤੇ ਉਹ ਪਾਜ਼ੀਟਿਵ ਮਿਲੀ। ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ। ਮੈਨੂੰ ਉਮੀਦ ਹੈ ਕਿ ਉਹ ਹੋਰ ਮਜ਼ਬੂਤ ਹੋ ਕੇ ਛੇਤੀ ਹੀ ਘਰ ਪਰਤ ਆਉਣਗੇ। ਮੈਨੂੰ ਤੇ ਮੇਰੀ ਭੈਣ ਨੂੰ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ।'' ਸੱਤਿਆਜੀਤ ਨੇ ਆਪਣੀ ਪੋਸਟ ਵਿੱਚ ਕੋਰੋਨਾ ਵਾਰੀਅਰਜ਼ ਦੀ ਵੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ, ''ਮੈਂ ਆਪਣੇ ਦੋਸਤ, ਗੁਆਂਢੀਆਂ, ਬੀਐਮਸੀ ਵਰਕਰਾਂ ਅਤੇ ਡਾਕਟਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਨ੍ਹਾਂ ਦਾ ਪਿਆਰ ਬੇਮਿਸਾਲ ਹੈ।'' ਸੱਤਿਆਜੀਤ ਨੇ ਆਪਣੀ ਪੋਸਟ ਵਿੱਚ ਇੱਕ ਦਿਲਚਸਪ ਕਿੱਸਾ ਵੀ ਸਾਂਝਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਇੱਕ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਚਿੰਤਾ ਨਾ ਕਰਨ ਦੀ ਗੱਲ ਕਹੀ। ਪੁਲਿਸ ਕਰਮਚਾਰੀ ਨੇ ਸੱਤਿਆਜੀਤ ਨੂੰ ਬੇਝਿਝਕ ਕਾਲ ਕਰਨ ਅਤੇ ਮਦਦ ਮੰਗਣ ਲਈ ਕਿਹਾ ਹੈ। ਦੱਸ ਦੇਈਏ ਕਿ ਸੱਤਿਆਜੀਤ ਦੂਬੇ ਨੇ ਆਪਣੇ ਕਰੀਅਰ ਦੀ ਸ਼ੁਰੂਆਤੀ ਫ਼ਿਲਮ 'ਆਲਵੇਜ਼ ਕਭੀ-ਕਭੀ' ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਹ ਲੱਕ-ਲੱਕ ਕੀ ਬਾਤ, ਬਾਂਕੇ ਦੀ ਕ੍ਰੇਜ਼ੀ ਬਾਰਾਤ 'ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ 'ਝਾਂਸੀ ਕੀ ਰਾਣੀ' ਅਤੇ 'ਮਹਾਰਾਜ ਕੀ ਜੈ ਹੋ' ਵਰਗੇ ਸੀਰੀਅਲਾਂ ਵਿੱਚ ਨਜ਼ਰ ਆ ਚੁੱਕੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.