ਐੱਸ.ਏ ਐੱਸ.ਨਗਰ, 20 ਮਈ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਬੱਸਾਂ ਦੀ ਆਵਾਜਾਈ ਸ਼ੁਰੂ ਕਰਨ ਸਬੰਧੀ ਲਏ ਗਏ ਫ਼ੈਸਲੇ ਅਨੁਸਾਰ ਅੱਜ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਆਵਾਜਾਈ ਚੰਡੀਗੜ੍ਹ ਤੋਂ ਸ਼ੁਰੂ ਨਾ ਹੋ ਸਕੀ ਜਦ ਕਿ ਪੀਆਰਟੀਸੀ ਦੀਆਂ ਬੱਸਾਂ ਦੀ ਆਵਾਜਾਈ ਮੁਹਾਲੀ ਵਿਚਲੇ ਪੁਰਾਣੇ ਬੱਸ ਅੱਡੇ ਤੋਂ ਸ਼ੁਰੂ ਕੀਤੀ ਗਈ। ਇਸ ਸਬੰਧੀ ਪੀ.ਆਰ.ਟੀ.ਸੀ ਦੇ ਜਨਰਲ ਮੈਨੇਜਰ ਮਨਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੁਹਾਲੀ ਦੇ ਪੁਰਾਣੇ ਬੱਸ ਅੱਡੇ ਤੋਂ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਆਵਾਜਾਈ ਨਾਲ ਸ਼ੁਰੂ ਹੋਣ ਸਬੰਧੀ ਸੰਪਰਕ ਕਰਨ ਤੇ ਐੱਸ.ਡੀ.ਐਮ ਮੁਹਾਲੀ ਜਗਦੀਪ ਸਹਿਗਲ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਇਸ ਵਿੱਚ ਰੁਕਾਵਟ ਆਈ ਹੈ । ਉਨ੍ਹਾਂ ਕਿਹਾ ਕਿ ਅੱਜ ਡਿਪਟੀ ਕਮਿਸ਼ਨਰ ਮੁਹਾਲੀ ਦੀ ਅਗਵਾਈ ਹੇਠ ਹੋਣ ਵਾਲੀ ਮੀਟਿੰਗ ਵਿਚ ਇਸ ਸਬੰਧੀ ਫ਼ੈਸਲਾ ਹੋਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਕੱਲ੍ਹ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ। ਸੂਬੇ ਵਿਚ ਸਰਕਾਰੀ ਬੱਸ ਸੇਵਾ ਬੁੱਧਵਾਰ ਸਵੇਰੇ ਸੱਤ ਵਜੇ ਤੋਂ ਸ਼ੁਰੂ ਹੋ ਜਾਵੇਗੀ। ਸ਼ਾਮ ਸੱਤ ਵਜੇ ਤੋਂ ਬਾਅਦ ਕੋਈ ਬੱਸ ਨਹੀਂ ਚੱਲੇਗੀ। ਪ੍ਰਾਈਵੇਟ ਬੱਸਾਂ ਨੂੰ ਚਲਾਉਣ ਦੀ ਅਜੇ ਇਜਾਜ਼ਤ ਨਹੀਂ ਦਿੱਤੀ ਗਈ।  ਸੂਬੇ ਵਿਚ ਸਰਕਾਰੀ ਬੱਸ ਸੇਵਾ ਸਵੇਰੇ ਸੱਤ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਰਹੇਗੀ ਇਸ ਤੋਂ ਬਾਅਦ ਕੋਈ ਬੱਸ ਨਹੀਂ ਚੱਲੇਗੀ। ਪ੍ਰਾਈਵੇਟ ਬੱਸਾਂ ਨੂੰ ਚਲਾਉਣ ਦੀ ਅਜੇ ਇਜਾਜ਼ਤ ਨਹੀਂ ਦਿੱਤੀ ਗਈ। ਇਸ 'ਤੇ ਫ਼ੈਸਲਾ ਕੈਪਟਨ ਅਮਰਿੰਦਰ ਸਿੰਘ ਲੈਣਗੇ। ਸਰੀਰਕ ਦੂਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਬੱਸਾਂ ਵਿਚ ਸਮਰੱਥਾ ਤੋਂ ਅੱਧੇ ਯਾਤਰੀ ਹੀ ਬਿਠਾਉਣ ਦਾ ਫ਼ੈਸਲਾ ਲਿਆ ਹੈ। ਯਾਤਰੀਆਂ ਦੀ ਗਿਣਤੀ ਘਟਾਏ ਜਾਣ ਨਾਲ ਸਰਕਾਰ 'ਤੇ ਆਰਥਿਕ ਬੋਝ ਪੈਣਾ ਸੁਭਾਵਿਕ ਹੈ ਇਸ ਲਈ ਟਰਾਂਸਪੋਰਟ ਵਿਭਾਗ ਨੇ ਮੁੱਖ ਮੰਤਰੀ ਦੇ ਸਾਹਮਣੇ ਬੱਸਾਂ ਦਾ ਕਿਰਾਇਆ ਵਧਾਉਣ ਦੀ ਤਜਵੀਜ਼ ਪੇਸ਼ ਕੀਤੀ ਹੈ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਕਿਰਾਇਆ ਵਧਾਉਣ ਦਾ ਫ਼ੈਸਲਾ ਮੁੱਖ ਮੰਤਰੀ 'ਤੇ ਛੱਡ ਦਿੱਤਾ ਗਿਆ ਹੈ। ਕਿਰਾਇਆ ਵਧਾਉਣਾ ਹੈ ਜਾਂ ਨਹੀਂ ਜਾਂ ਕਿੰਨਾ ਵਧਾਉਣਾ ਹੈ, ਇਹ ਫ਼ੈਸਲਾ ਮੁੱਖ ਮੰਤਰੀ ਹੀ ਕਰਨਗੇ। ਜ਼ਿਕਰਯੋਗ ਹੈ ਕਿ ਗੁਆਂਢੀ ਸੂਬੇ ਹਰਿਆਣੇ ਨੇ ਵੀ 15 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਇਆ ਵਧਾ ਦਿੱਤਾ ਹੈ। ਮੌਜੂਦਾ ਸਮੇਂ ਪੰਜਾਬ ਵਿਚ 1.16 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਇਆ ਵਸੂਲ ਕੀਤਾ ਜਾ ਰਿਹਾ ਹੈ।
ਬੱਸਾਂ ਚਲਾਉਣ ਲਈ ਕੁਝ ਸ਼ਰਤਾਂ ਲਾਗੂ ਹੋਣਗੀਆਂ, ਜਿਨ੍ਹਾਂ ਵਿੱਚ ਬੱਸ ਤੈਅ ਬੱਸ ਅੱਡੇ ਤੋਂ ਚੱਲ ਕੇ ਤੈਅ ਸ਼ਹਿਰ ਵਿਚ ਹੀ ਰੁਕੇਗੀ ਤੇ ਇਸ ਦੌਰਾਨ ਰਾਹ ਦੀ ਕੋਈ ਸਵਾਰੀ ਨਹੀਂ ਚੜ੍ਹਾਈ ਜਾਵੇਗੀ। ਸਵਾਰੀਆਂ ਦੀਆਂ ਟਿਕਟਾਂ ਐਡਵਾਂਸ ਬੁਕਿੰਗ ਏਜੰਟ ਵੱਲੋਂ ਜਾਂ ਕੰਡਕਟਰ ਵੱਲੋਂ ਬੱਸ ਅਡਿਆਂ 'ਤੇ ਹੀ ਕੱਟੀਆਂ ਜਾਣਗੀਆਂ। ਮੁਫ਼ਤ ਜਾਂ ਰਿਆਇਤੀ ਦਰਾਂ 'ਤੇ ਸਫ਼ਰ ਕਰਨ ਵਾਲੇ ਯਾਤਰੀਆਂ ਦਾ ਇੰਦਰਾਜ ਵੀ ਮੌਕੇ 'ਤੇ ਅੱਸ ਅੱਡੇ ਵਿਚ ਹੀ ਹੋਵੇਗਾ। ਟਿਕਟ ਕੱਟਣ ਵਾਲਾ ਟਿਕਟ ਕੱਟਣ ਤੋਂ ਪਹਿਲਾਂ ਤੇ ਬਾਅਦ ਵਿਚ ਸਾਬਣ ਤੇ ਪਾਣੀ ਨਾਲ ਹੱਥ ਧੋਵੇਗਾ। ਕਿਸੇ ਵੀ ਸੂਰਤ 'ਚ ਬੱਸ 'ਚ ਬੈਠਣ ਦੀ ਸਮਰੱਥਾ ਅਨੁਸਾਰ 50 ਫ਼ੀਸਦੀ ਸੀਟਾਂ ਤੋਂ ਵੱਧ ਸਵਾਰੀ ਨਹੀਂ ਬਿਠਾਈ ਜਾਵੇਗੀ। ਟਿਕਟ ਕੱਟਣ ਤੇ ਬੈਠਣ ਸਮੇਂ ਸਮਾਜਿਕ ਦੂਰੀ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ। ਸਵਾਰੀਆਂ ਲਈ ਮਾਸਕ ਪਹਿਨਣਾ ਵੀ ਜ਼ਰੂਰੀ ਹੋਵੇਗਾ। ਮਾਸਕ ਤੋਂ ਬਿਨਾਂ ਬੱਸ ਵਿਚ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਬੱਸ ਨੂੰ ਸੈਨੇਟਾਈਜ਼ ਕਰਨਾ ਵੀ ਲਾਜ਼ਮੀ ਹੋਵੇਗਾ। ਬੱਸ ਵਿਚ ਮੌਜੂਦ ਡਰਾਈਵਰ ਤੇ ਕੰਡਕਟਰ ਮਾਸਕ ਤੇ ਦਸਤਾਨੇ ਪਾਉਣੇ ਯਕੀਨੀ ਬਣਾਉਣਗੇ। ਡਰਾਈਵਰ ਦੇ ਕੈਬਿਨ ਤੇ ਸਵਾਰੀਆਂ ਵਿਚਕਾਰ ਸ਼ੀਸ਼ਾ ਜਾਂ ਪਲਾਸਟਿਕ ਦੀ ਸ਼ੀਟ ਲਾਈ ਜਾਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.