ਟੈਲਾਹਾਸੀ (ਫ਼ਲੋਰਿਡਾ), 31 ਮਈ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਵਾਇਰਸ ਫੈਲਾਉਣ ਸਮੇਤ ਹਾਂਗ ਕਾਂਗ ਅਤੇ ਦੱਖਣੀ ਚੀਨ ਦੇ ਸਮੁੰਦਰ 'ਤੇ ਜਾਰੀ ਤਣਾਅ ਦੌਰਾਨ ਅਮਰੀਕਾ ਨੇ ਪੁਲਾੜ ਜੰਗ (ਸਪੇਸ ਵਾਰ) ਵਿੱਚ ਚੀਨ ਨੂੰ ਪਛਾੜ ਦਿੱਤਾ ਹੈ। ਲਗਭਗ ਇੱਕ ਦਹਾਕੇ ਬਾਅਦ ਅਮਰੀਕਾ ਦੀ ਧਰਤੀ ਤੋਂ ਐਲਨ ਮਸਕ ਦੀ ਕੰਪਨੀ ਦਾ ਰਾਕੇਟ 'ਸਪੇਸ-ਐਕਸ' ਨਾਸਾ ਦੇ ਦੋ ਪੁਲਾੜ ਯਾਤਰੀਆਂ ਨੂੰ ਲੈ ਕੌਮਾਂਤਰੀ ਪੁਲਾੜ ਸਟੇਸ਼ਨ ਵੱਲ ਰਵਾਨਾ ਹੋ ਗਿਆ। ਡ੍ਰੈਗਨ ਕੈਪਸੂਲ ਅਤੇ ਫ਼ਾਕਨ 9 ਰਾਕੇਟ ਦੀ ਇਹ ਉਡਾਣ ਕਿਸੇ ਨਿੱਜੀ ਕੰਪਨੀ ਵੱਲੋਂ ਪੁਲਾੜ 'ਚ ਮਨੁੱਖ ਨੂੰ ਭੇਜਣ ਦੀ ਪਹਿਲੀ ਮੁਹਿੰਮ ਹੈ। ਇਸ ਵਿੱਚ ਨਾਸਾ ਦੇ ਪੁਲਾੜ ਯਾਤਰੀ ਰਾਬਰਟ ਬੇਨਕੇਨ ਤੇ ਡਗਲਸ ਹਰਲੇ ਸਵਾਰ ਹੋਏ। ਭਾਰਤੀ ਸਮੇਂ ਅਨੁਸਾਰ ਸਨਿੱਚਰਵਾਰ-ਐਤਵਾਰ ਦੀ ਰਾਤ ਨੂੰ ਲਗਭਗ 1 ਵਜੇ ਰਾਕੇਟ ਨੇ ਕੈਨੇਡੀ ਪੁਲਾੜ ਕੇਂਦਰ ਤੋਂ ਉਡਾਣ ਭਰੀ। ਕੌਮਾਂਤਰੀ ਪੁਲਾੜ ਸਟੇਸ਼ਨ 19 ਘੰਟਿਆਂ ਦੀ ਉਡਾਣ ਦੀ ਦੂਰੀ ਉੱਤੇ ਹੈ। ਸਪੇਸ ਐਕਸ ਦੇ ਐਤਵਾਰ ਸ਼ਾਮੀਂ ਕੌਮਾਂਤਰੀ ਪੁਲਾੜ ਸਟੇਸ਼ਨ ਉੱਤੇ ਪੁੱਜ ਜਾਣ ਦੀ ਆਸ ਹੈ। ਇੱਥੇ ਵਰਨਣਯੋਗ ਹੈ ਕਿ ਖ਼ਰਾਬ ਮੋਸਮ ਦੇ ਚੱਲਦਿਆਂ ਪੁਲਾੜ ਲਈ ਇਸ ਉਡਾਣ ਵਿੱਚ ਤਿੰਨ ਦਿਨਾਂ ਦੀ ਪਹਿਲਾਂ ਹੀ ਦੇਰੀ ਹੋ ਚੁੱਕੀ ਹੈ। ਅਮਰੀਕੀ ਸਮੇਂ ਮੁਤਾਬਕ ਦੁਪਹਿਰ 3:22 ਵਜੇ ਰਾਕੇਟ ਲਾਂਚ ਕੀਤਾ ਗਿਆ। ਦੋਵੇਂ ਪੁਲਾੜ ਯਾਤਰੀ ਸਾਰੀਆਂ ਤਿਆਰੀਆਂ ਨਾਲ ਸਪੇਸ ਐਕਸ ਰਾਕੇਟ ਵਿੱਚ ਸਵਾਰ ਹੋਏ। ਪੁੱਠੀ ਗਿਣਤੀ ਖ਼ਤਮ ਹੁੰਦਿਆਂ ਹੀ ਵਾਹਨ ਪੁਲਾੜ ਵੱਲ ਉਡਾਣ ਭਰਨ ਲੱਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਖ਼ਰਾਬ ਮੌਸਮ ਕਾਰਨ ਲਾਂਚਿੰਗ ਨੂੰ ਤੈਅ ਸਮੇਂ ਤੋਂ 16 ਮਿੰਟ ਪਹਿਲਾਂ ਟਾਲਣਾ ਪਿਆ ਸੀ। ਇਸ ਮਿਸ਼ਨ ਨੂੰ ਅਮਰੀਕਾ ਦੇ ਫ਼ਲੋਰਿਡਾ ਵਿੱਚ ਕੈਨੇਡੀ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ। 21 ਜੁਲਾਈ, 2011 ਤੋਂ ਬਾਅਦ ਪਹਿਲੀ ਵਾਰ ਅਮਰੀਕੀ ਧਰਤੀ ਤੋਂ ਕੋਈ ਮਨੁੱਖੀ ਮਿਸ਼ਨ ਪੁਲਾੜ ਵਿੱਚ ਭੇਜਿਆ ਗਿਆ ਹੈ। ਦੂਜੀ ਵਾਰ ਵਿੱਚ ਇਹ ਮਿਸ਼ਨ ਕਾਮਯਾਬ ਰਿਹਾ। ਦੋਵੇਂ ਪੁਲਾੜ ਯਾਤਰੀ ਅਗਲੇ ਚਾਰ ਮਹੀਨਿਆਂ ਤੱਕ ਸਪੇਸ ਸਟੇਸ਼ਨ ਉੱਤੇ ਹੀ ਰਹਿਣਗੇ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਇਹ ਲਾਂਚਿੰਗ ਵੇਖਣ ਲਈ ਫ਼ਲੋਰਿਡਾ ਦੇ ਕੈਨੇਡੀ ਸਪੇਸ ਸੈਂਟਰ ਗਏ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.