ਰੋਮ, 2 ਜੂਨ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਮਹਾਂਮਾਰੀ ਨਾਲ ਲੜ ਰਹੇ ਦੇਸ਼ਾਂ ਲਈ ਚੰਗੀ ਖ਼ਬਰ ਆ ਰਹੀ ਹੈ। ਇਟਲੀ ਦੇ ਸੀਨੀਅਰ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਆਪਣੀ ਸਮਰੱਥਾ ਗੁਆ ਰਿਹਾ ਹੈ ਅਤੇ ਇਹ ਓਨਾ ਖ਼ਤਰਨਾਕ ਨਹੀਂ ਰਿਹਾ, ਜਿੰਨਾ ਦੋ ਮਹੀਨੇ ਪਹਿਲਾਂ ਸੀ। ਲੋਂਬਾਰਡੀ ਦੇ ਸੈਨ ਰੈਫੇਲ ਹਸਪਤਾਲ ਦੇ ਮੁੱਖ ਅਲਬਰਟੋ ਜੰਗ੍ਰਿਲੋ ਨੇ ਕਿਹਾ ਕਿ ਕੋਰੋਨਾ ਦੀ ਘਟਦੀ ਸਮਰੱਥਾ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਕਲੀਨੀਕਲ ਤੌਰ 'ਤੇ ਕੋਰੋਨਾ ਹੁਣ ਇਟਲੀ ਵਿੱਚ ਮੌਜੂਦ ਨਹੀਂ ਹੈ। ਪਿਛਲੇ 10 ਦਿਨਾਂ ਦੀ ਜਾਂਚ ਵਿੱਚ ਜੋ ਤੱਥ ਸਾਹਮਣੇ ਆਏ ਹਨ, ਉਨ•ਾਂ ਤੋਂ ਪਤਾ ਲਗਦਾ ਹੈ ਕਿ ਵਾਇਰਸ ਦੋ ਮਹੀਨੇ ਪਹਿਲਾਂ ਦੇ ਮੁਕਾਬਲੇ ਹੁਣ ਕਮਜ਼ੋਰ ਹੋ ਰਿਹਾ ਹੈ। ਇਟਲੀ ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲਣ ਵਾਲੇ ਮੁਲਕਾਂ ਵਿੱਚੋਂ ਇੱਕ ਹੈ ਅਤੇ ਕੋਵਿਡ-19 ਨਾਲ ਹੋਣ ਵਾਲੀਆਂ ਸਭ ਤੋਂ ਵੱਧ ਮੌਤਾਂ ਦੇ ਮਾਮਲੇ ਵਿੱਚ ਇਟਲੀ ਤੀਜੇ ਨੰਬਰ 'ਤੇ ਹੈ। ਹਾਲਾਂਕਿ, ਮਈ ਮਹੀਨੇ ਵਿੱਚ ਇੱਥੇ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਅਤੇ ਮੌਤਾਂ ਦੇ ਮਾਮਲੇ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਇਸ ਦੇ ਚਲਦਿਆਂ ਇਟਲੀ ਵਿੱਚ ਹੁਣ ਲੌਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਡਾਕਟਰ ਜਾਂਗ੍ਰਿਲੋ ਨੇ ਕਿਹਾ ਕਿ ਕੁਝ ਮਾਹਰ ਸੰਕਰਮਣ ਦੀ ਦੂਜੀ ਲਹਿਰ ਦੀ ਸੰਭਾਵਨਾ ਨੂੰ ਲੈ ਕੇ ਕਾਫ਼ੀ ਚਿੰਤਤ ਸਨ, ਦੇਸ਼ ਦੇ ਨੇਤਾਵਾਂ ਨੂੰ ਸੱਚਾਈ ਧਿਆਨ ਵਿੱਚ ਰੱਖਣੀ ਚਾਹੀਦੀ ਹੈ। ਇਟਲੀ ਦੀ ਸਰਕਾਰ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਅਜੇ ਕੋਰੋਨਾ ਵਾਇਰਸ 'ਤੇ ਜਿੱਤ ਦਾ ਦਾਅਵਾ ਕਰਨਾ ਬਹੁਤ ਜਲਦਬਾਜ਼ੀ ਹੋਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.