ਜ਼ਿਆਦਾਤਰ ਲੋਕ 50 ਸਾਲ ਦੀ ਉਮਰ ਨੂੰ ਪਾਰ ਕਰਨ ਤੋਂ ਬਾਅਦ ਆਪਣੇ-ਆਪ ਨੂੰ ਬੁੱਢਾ ਸਮਝਣ ਲਗਦੇ ਹਨ ਕਿਉਂਕਿ 40 ਸਾਲ ਦੀ ਉਮਰ ਤੋਂ ਬਾਅਦ ਸਾਡੇ ਅੰਗ ਢਿੱਲੇ ਪੈਣ ਲੱਗਦੇ ਹਨ। ਉਨ੍ਹਾਂ ਵਿਚ ਓਨੀ ਤਾਕਤ ਨਹੀਂ ਰਹਿ ਜਾਂਦੀ ਜਿੰਨੀ ਪਹਿਲਾਂ ਸੀ। 50 ਸਾਲ ਦੀ ਉਮਰ ਤੋਂ ਬਾਅਦ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਘੱਟ ਹੋ ਜਾਂਦਾ ਹੈ ਅਤੇ ਪਾਚਣ ਤੰਤਰ ਵੀ ਕਮਜ਼ੋਰ ਹੋ ਜਾਂਦਾ ਹੈ। ਇਸ ਸਥਿਤੀ ਵਿਚ ਹਾਰਮੋਨਾਂ ਦਾ ਬਣਨਾ ਵੀ ਘੱਟ ਹੋ ਜਾਂਦਾ ਹੈ। ਨਤੀਜਾ ਵਿਅਕਤੀ ਆਪਣੇ-ਆਪ ਨੂੰ ਬੁੱਢਾ ਸਮਝਣ ਲੱਗਦਾ ਹੈ। ਉਸ ਦੀ ਨਿਗ੍ਹਾ ਵੀ ਕਮਜ਼ੋਰ ਹੁੰਦੀ ਜਾਂਦੀ ਹੈ।
ਜੇਕਰ ਵਿਅਕਤੀ 40 ਸਾਲ ਦੀ ਉਮਰ ਤੋਂ ਹੀ ਸਹੀ ਭੋਜਨ ਵਿਹਾਰ ਦੀ ਪਾਲਣਾ ਕਰਨ ਲੱਗੇ ਤਾਂ ਬੁਢਾਪੇ ਨੂੰ ਕੁਝ ਸਮੇਂ ਲਈ ਟਾਲਿਆ ਜਾ ਸਕਦਾ ਹੈ ਅਤੇ 60 ਸਾਲ ਦੀ ਉਮਰ ਵਿਚ ਵੀ ਵਿਅਕਤੀ ਚੁਸਤ-ਦਰੁਸਤ ਮਹਿਸੂਸ ਕਰ ਸਕਦਾ ਹੈ ਅਤੇ ਉਪਰੋਕਤ ਨੁਕਸਾਨ ਤੋਂ ਬਚ ਸਕਦਾ ਹੈ। ਯੋਗੀ ਆਪਣੀ ਯੋਗ ਸਾਧਨਾ ਨਾਲ ਅਤੇ ਸਹੀ ਭੋਜਨ ਵਿਹਾਰ ਕਾਰਨ ਤੇਜਸਵੀ ਬਣੇ ਰਹਿੰਦੇ ਹਨ ਅਤੇ ਬੁਢਾਪੇ ਵਿਚ ਵੀ ਜਵਾਨ ਲੱਗਦੇ ਹਨ। ਜੇਕਰ ਤੁਸੀਂ ਵੀ ਲੰਮੀ ਉਮਰ ਹਾਸਲ ਕਰਨਾ ਚਾਹੁੰਦੇ ਹੋ ਅਤੇ ਬੁਢਾਪੇ ਵਿਚ ਵੀ ਜਵਾਨ ਲਗਣਾ ਚਾਹੁੰਦੇ ਹੋ ਤਾਂ ਹੇਠ ਲਿਖੀਆਂ ਗੱਲਾਂ ਦੀ ਪਾਲਣਾ ਕਰੋ :
* ਰਾਤ ਨੂੰ ਜਲਦੀ ਸੌਂਵੋ ਅਤੇ ਸਵੇਰੇ ਚਾਰ ਵਜੇ ਉੱਠ ਜਾਵੋ। ਸਵੇਰੇ ਜਲਦੀ ਜਾਗਣਾ ਸਿਹਤ ਲਈ ਅਤਿਅੰਤ ਲਾਭਕਾਰੀ ਹੁੰਦਾ ਹੈ। ਸਵੇਰੇ ਜਾਗਣ ਤੋਂ ਬਾਅਦ ਮੂੰਹ ਹੱਥ ਧੋ ਕੇ ਇਕ ਗਿਲਾਸ ਤਾਜ਼ੇ ਪਾਣੀ ਵਿਚ ਅੱਧਾ ਕਾਗਜ਼ੀ ਨਿੰਬੂ ਦਾ ਰਸ ਨਿਚੋੜ ਕੇ ਪੀਓ। ਜਿਨ੍ਹਾਂ ਕੋਲ ਨਿੰਬੂ ਉਪਲਬਧ ਨਾ ਹੋਵੇ ਉਹ 10-20 ਗ੍ਰਾਮ ਸ਼ਹਿਦ ਨੂੰ ਪਾਣੀ ਵਿਚ ਮਿਲਾ ਕੇ ਪੀਣ।
* ਹਰ ਰੋਜ਼ ਸਵੇਰੇ-ਸ਼ਾਮ ਅੱਧਾ ਘੰਟਾ ਖੁੱਲ੍ਹੀ ਹਵਾ ਵਿਚ ਟਹਿਲਣ ਨੂੰ ਕਸਰਤ ਮੰਨਿਆ ਜਾਂਦਾ ਹੈ। ਇਸ ਨਾਲ ਫੇਫੜਿਆਂ ਨੂੰ ਆਕਸੀਜਨ ਭਰਪੂਰ ਮਾਤਰਾ ਵਿਚ ਹਾਸਲ ਹੁੰਦੀ ਹੈ। ਸਵੇਰੇ-ਸ਼ਾਮ ਨਿਯਮਿਤ ਰੂਪ ਨਾਲ ਪਖਾਨਾ ਵੀ ਜਾਣਾ ਚਾਹੀਦਾ ਹੈ। ਪਖਾਨੇ ਸਮੇਂ ਜ਼ਿਆਦਾ ਜ਼ੋਰ ਨਹੀਂ ਲਗਾਉਣਾ ਚਾਹੀਦਾ।
* ਮੌਸਮ ਅਨੁਸਾਰ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਇਸ਼ਨਾਨ ਕਰਨ ਤੋਂ ਇਕ ਘੰਟਾ ਪਹਿਲਾਂ ਸਮੁੱਚੇ ਸਰੀਰ ਵਿਚ ਤੇਲ ਦੀ ਮਾਲਿਸ਼ ਕਰ ਲੈਣੀ ਚਾਹੀਦੀ ਹੈ।
* ਖਾਧ ਪਦਾਰਥਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਂਵਲੇ ਦਾ ਰਸ, ਸ਼ਹਿਦ, ਮਿਸ਼ਰੀ ਆਦਿ ਮਿਲਾ ਕੇ ਹਰ ਰੋਜ਼ ਚੱਟਦੇ ਰਹਿਣ ਨਾਲ ਬੁਢਾਪੇ ਦੇ ਦੋਸ਼ ਉਸੇ ਤਰ੍ਹਾਂ ਖ਼ਤਮ ਹੋ ਜਾਂਦੇ ਹਨ, ਜਿਸ ਤਰ੍ਹਾਂ ਮਨ ਲਗਾ ਕੇ ਨਾ ਪੜ੍ਹਨ ਨਾਲ ਯਾਦ ਕੀਤੀ ਹੋਈ ਚੀਜ਼ਾਂ ਨੂੰ ਲੋਕ ਭੁੱਲ ਜਾਂਦੇ ਹਨ।
* ਸਵੇਰੇ 7-8 ਵਜੇ ਨਾਸ਼ਤਾ ਜ਼ਰੂਰ ਕਰ ਲਓ। ਨਾਸ਼ਤੇ ਤੋਂ ਬਾਅਦ ਚਵਨਪ੍ਰਾਸ਼ 20 ਗ੍ਰਾਮ ਜਾਂ ਆਂਵਲੇ ਦਾ ਮੁਰੱਬਾ ਦੋ ਪੀਸ ਅਤੇ ਕਿਸ਼ਮਿਸ਼, ਖਜੂਰ, ਮੂੰਗਫਲੀ, ਕਾਜੂ, ਅੰਜੀਰ ਵਿਚੋਂ ਕੋਈ ਇਕ 20 ਗ੍ਰਾਮ ਅਤੇ ਦੁੱਧ 200 ਗ੍ਰਾਮ ਮਿਲਾ ਕੇ ਜ਼ਰੂਰ ਲਉ।
* ਹੱਸਣਾ ਅਤੇ ਖੁਸ਼ ਰਹਿਣਾ ਜੀਵਨ ਲਈ ਚੰਗਾ ਮੰਨਿਆ ਜਾਂਦਾ ਹੈ। ਖ਼ੁਦ ਵੀ ਹੱਸੋ ਅਤੇ ਦੂਜਿਆਂ ਨੂੰ ਵੀ ਹਸਾਓ। ਗੁੱਸਾ, ਚਿੰਤਾ, ਸ਼ਾਕ, ਡਰ ਆਦਿ ਤੋਂ ਹਮੇਸ਼ਾ ਬਚੇ ਰਹਿਣਾ ਚਾਹੀਦਾ ਹੈ। ਇਹ ਸਾਰੇ ਦੋਸ਼ ਮਨੁੱਖ ਨੂੰ ਰੋਗੀ ਅਤੇ ਕਮਜ਼ੋਰ ਬਣਾ ਦਿੰਦੇ ਹਨ।
* ਭੋਜਨ ਵਿਚ ਘੱਟ ਮਿਰਚ-ਮਸਾਲੇ, ਸਾਗ-ਸਬਜ਼ੀ, ਸਲਾਦ, ਲੱਸੀ, ਮੂੰਗ ਜਾਂ ਮਸਰ ਦੀ ਦਾਲ, ਪੱਤੀਆਂ ਵਾਲੇ ਸਾਗ ਦੀ ਵਰਤੋਂ ਨਿਯਮਿਤ ਰੂਪ ਨਾਲ ਕਰਨੀ ਚਾਹੀਦੀ ਹੈ। ਛਾਣਬੂਰੇ ਸਮੇਤ ਆਟੇ ਦੀ ਰੋਟੀ, ਉੱਬਲੀ ਸਾਗ-ਸਬਜ਼ੀਆਂ, ਟਮਾਟਰ, ਖੀਰਾ, ਕੱਚਾ ਪਿਆਜ਼, ਮੂਲੀ, ਕੱਚਾ ਨਾਰੀਅਲ, ਗਾਜਰ, ਤਰ, ਹਰਾ ਧਨੀਆ ਆਦਿ ਦੀ ਵਰਤੋਂ ਭੋਜਨ ਵਿਚ ਜ਼ਰੂਰ ਹੀ ਕਰਨੀ ਚਾਹੀਦੀ ਹੈ।
* ਬਿਨਾਂ ਜ਼ਰੂਰਤ ਤੋਂ ਵਿਟਾਮਿਨ ਜਾਂ ਹੋਰ ਦਵਾਈਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਸੇ ਵੀ ਦਵਾਈ ਦੇ ਸੇਵਨ ਤੋਂ ਪਹਿਲਾਂ ਮਾਹਿਰ ਤੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਭੁੱਖ ਤੋਂ ਜ਼ਿਆਦਾ ਨਹੀਂ ਖਾਣਾ ਚਾਹੀਦਾ ਅਤੇ ਜ਼ਿਆਦਾ ਸਮੇਂ ਤੱਕ ਭੁੱਖੇ ਵੀ ਨਹੀਂ ਰਹਿਣਾ ਚਾਹੀਦਾ। ਇਸ ਦਾ ਧਿਆਨ ਰੱਖੋ ਕਿ ਜਿਊਣ ਲਈ ਖਾਂਦੇ ਹਾਂ ਨਾ ਕਿ ਖਾਣੇ ਲਈ ਜਿਊਂਦੇ ਹਾਂ। ਕੋਈ ਵੀ ਬਿਮਾਰੀ ਹੋਵੇ, ਤੁਰੰਤ ਉਸ ਦਾ ਇਲਾਜ ਕਰਾਉਣਾ ਚਾਹੀਦਾ ਹੈ।
ਆਨੰਦ ਕੁਮਾਰ ਅਨੰਤ

ਹੋਰ ਖਬਰਾਂ »

ਹਮਦਰਦ ਟੀ.ਵੀ.