ਔਟਾਵਾ, 1 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਕੈਨੇਡਾ ਸਰਕਾਰ ਨੇ ਵਿਦੇਸ਼ੀ ਯਾਤਰੀਆਂ 'ਤੇ ਲਾਈ ਗਈ ਪਾਬੰਦੀ ਵਿੱਚ 31 ਜੁਲਾਈ ਤੱਕ ਵਾਧਾ ਕਰ ਦਿੱਤਾ ਹੈ। ਕੈਨੇਡਾ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਮਾਰਚ ਮਹੀਨੇ ਵਿੱਚ ਗ਼ੈਰ-ਕੈਨੇਡੀਅਨ ਨਾਗਰਿਕਾਂ ਭਾਵ ਵਿਦੇਸ਼ੀ ਯਾਤਰੀਆਂ ਦੇ ਕੈਨੇਡਾ 'ਚ ਦਾਖ਼ਲ ਹੋਣ 'ਤੇ ਰੋਕ ਲਾ ਦਿੱਤੀ ਸੀ। ਵਿਦੇਸ਼ੀ ਯਾਤਰੀਆਂ 'ਤੇ ਲਾਈ ਗਈ ਪਾਬੰਦੀ 'ਚ ਵਾਧੇ ਦਾ ਐਲਾਨ ਇੱਕ ਫ਼ੈਡਰਲ ਹੁਕਮ ਰਾਹੀਂ ਕੈਨੇਡਾ ਦੇ ਸਿਹਤ ਮੰਤਰੀ ਪੈਟੀ ਹਾਜਦੂ ਵੱਲੋਂ ਕੀਤਾ ਗਿਆ।
ਯਾਤਰਾ ਪਾਬੰਦੀ ਦੇ ਹੁਕਮਾਂ ਵਿੱਚ ਡਿਪਲੋਮੈਟਸ ਤੇ ਹਵਾਈ ਅਮਲੇ ਦੇ ਮੈਂਬਰਾਂ ਦੇ ਨਾਲ-ਨਾਲ ਕੈਨੇਡੀਅਨ ਨਾਗਰਿਕਾਂ ਤੇ ਉਨ•ਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਆਉਣ ਦੀ ਖੁੱਲ• ਦਿੱਤੀ ਗਈ ਹੈ, ਪਰ ਜੇਕਰ ਇਨ•ਾਂ ਵਿੱਚੋਂ ਕਿਸੇ 'ਚ ਕੋਰੋਨਾ ਵਾਇਰਸ ਦੇ ਲੱਛਣ ਮਿਲਣਗੇ ਤਾਂ ਉਨ•ਾਂ ਨੂੰ ਵੀ ਕੈਨੇਡਾ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਟਰੂਡੋ ਸਰਕਾਰ ਵੱਲੋਂ ਇਹ ਕਦਮ ਦੇਸ਼ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਹਨ ਤਾਂ ਜੋ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਵਿਦੇਸ਼ੀ ਯਾਤਰੀਆਂ 'ਤੇ ਪਾਬੰਦੀ ਦੇ ਇਹ ਹੁਕਮ ਅਮਰੀਕਾ 'ਤੇ ਲਾਗੂ ਨਹੀਂ ਹੁੰਦੇ, ਕਿਉਂਕਿ ਹੋਰਨਾਂ ਮੁਲਕਾਂ ਦੀ ਬਜਾਏ ਅਮਰੀਕਾ ਤੇ ਕੈਨੇਡਾ ਨੇ ਯਾਤਰਾ ਸਬੰਧੀ ਆਪਸ ਵਿੱਚ ਇੱਕ ਵੱਖਰੀ ਸੰਧੀ ਕੀਤੀ ਹੋਈ ਹੈ। ਅਮਰੀਕੀ ਯਾਤਰਾ ਪਾਬੰਦੀਆਂ ਦਾ 21 ਜੁਲਾਈ ਨੂੰ ਨਵੀਨੀਕਰਨ ਕੀਤਾ ਜਾਵੇਗਾ, ਜਿਸ 'ਚ ਸਾਰੀਆਂ ਗ਼ੈਰ-ਜ਼ਰੂਰੀ ਯਾਤਰਾਵਾਂ 'ਤੇ ਰੋਕ ਲਾਈ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.