ਬਠਿੰਡਾ, 12 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਜ਼ਿਲ੍ਹੇ ਦੇ ਮੌੜ ਮੰਡੀ ਖੇਤਰ ਦੇ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਕਰਵਾਉਣ ਦੇ ਨਾਮ 'ਤੇ ਇਕ ਸਾਬਕਾ ਫੌਜੀ ਵੱਲੋਂ ਇਕ ਕਰੋੜ 40 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਨਾ ਹੀ ਨਹੀਂ ਉਕਤ ਵਿਅਕਤੀ ਨੇ ਕਈ ਨੌਜਵਾਨਾਂ ਨੂੰ ਫੌਜ 'ਚ ਨੌਕਰੀ ਜੁਆਇੰਨਗ ਕਰਨ ਲਈ ਫ਼ਰਜੀ ਪੱਤਰ ਵੀ ਜਾਰੀ ਕਰ ਦਿੱਤੇ। ਅੱਜ ਪ੍ਰੈਸ ਕਲੱਬ ਵਿਚ ਪੀੜਤ ਨੌਜਵਾਨਾਂ ਨਾਲ ਪੁੱਜੇ ਲੋਕ ਇਨਸਾਫ਼ ਪਾਰਟੀ ਮੌੜ ਹਲਕੇ ਦੇ ਇੰਚਾਰਜ ਰਵਿੰਦਰ ਸਿੰਘ ਨੇ ਦੱਸਿਆ ਕਿ ਠੱਗੀ ਮਾਰਨ ਵਾਲਾ ਫੌਜੀ ਬੁਢਲਾਡਾ ਨੇੜਲੇ ਇਕ ਪਿੰਡ ਦਾ ਰਹਿਣ ਵਾਲਾ ਹੈ। ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਉਕਤ ਨੌਜਵਾਨ ਿਫ਼ਰੋਜ਼ਪੁਰ ਵਿਚ ਹੋਣ ਵਾਲੀ ਫੌਜ ਦੀ ਭਰਤੀ 'ਤੇ ਗਏ ਸਨ ਪਰ ਉਨ੍ਹਾਂ ਦੀ ਸ਼ਿਲੈਕਸਨ ਨਹੀਂ ਹੋ ਸਕੀ। ਉਥੇ ਹੀ ਨਿਰਾਸ਼ ਹੋਏ ਨੌਜਵਾਨਾਂ ਨੂੰ ਉਕਤ ਸਾਬਕਾ ਫੌਜੀ ਮਿਲਿਆ ਜਿਸ ਨੇ ਨੌਜਵਾਨਾਂ ਹੌਸਲਾ ਦਿੰਦਿਆਂ ਕਿਹਾ ਕਿ ਉਸ ਦੀ ਫੌਜ ਵਿਚ ਚੰਗੀ ਜਾਣ ਪਛਾਣ ਹੈ ਇਸ ਲਈ ਉਹ ਉਨ੍ਹਾਂ ਨੂੰ ਫੌਜ ਵਿਚ ਨੌਕਰੀ ਦਿਵਾ ਦੇਵੇਗਾ। ਉਹ ਨੌਜਵਾਨਾਂ ਦੇ ਘਰ ਆਉਂਦਾ ਤੇ ਉਸ ਦੀ ਆਰਥਿਕ ਹਾਲਤ ਦੇ ਹਿਸਾਬ ਨਾਲ ਪੈਸਿਆ ਦੀ ਮੰਗ ਕਰਦਾ। ਉਨ੍ਹਾਂ ਦੱਸਿਆ ਕਿ ਕਈ ਨੌਜਵਾਨਾਂ ਤੋਂ ਉਸ ਨੇ ਭਰਤੀ ਲਈ ਦੋ ਦੋ ਲੱਖ ਰੁਪਏ ਵੀ ਵਸੂਲ ਕੀਤੇ ਹਨ। ਜਦੋਂ ਉਕਤ ਠੱਗ ਸਾਬਕਾ ਫੌਜੀ ਨੇ ਕੁਝ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਹੋਣ ਦੇ ਫ਼ਰਜੀ ਪੱਤਰ ਜਾਰੀ ਕਰ ਦਿੱਤੇ ਤਾਂ ਮੌੜ ਖੇਤਰ ਦੇ ਹੋਰ ਨੌਜਵਾਨਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਉਸ 'ਤੇ ਵਿਸ਼ਵਾਸ਼ ਪੈਦਾ ਹੋ ਗਿਆ। ਇਸ ਤੋਂ ਬਾਅਦ ਉਸਨੇ ਕਰੀਬ 45 ਨੌਜਵਾਨਾਂ ਤੋਂ 1 ਕਰੋੜ 40 ਰੁਪਏ ਲੈ ਲਏ। ਜਿੰਨ੍ਹਾਂ ਨੌਜਵਾਨਾਂ ਨੂੰ ਫ਼ੌਜ ਵਿਚ ਨੌਕਰੀ ਜੁਆਇੰਨ ਕਰਨ ਲਈ ਪੱਤਰ ਜਾਰੀ ਕੀਤੇ ਗਏ ਸਨ ਜਦੋਂ ਉਹ ਪੱਤਰ ਲੈ ਕੇ ਫੌਜ ਦੇ ਅਧਿਕਾਰੀਆਂ ਕੋਲ ਪੁੱਜੇ ਤਾਂ ਉਨ੍ਹਾਂ ਪੱਤਰ ਫ਼ਰਜੀ ਹੋਣ ਬਾਰੇ ਦੱਸਿਆ। ਇਸ ਤੋਂ ਬਾਅਦ ਨੌਜਵਾਨਾਂ ਨੂੰ ਆਪਣੇ ਨਾਲ ਵੱਜੀ ਠੱਗੀ ਦਾ ਪਤਾ ਲੱਗਾ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਕਤ ਠੱਗ ਨੇ ਇਕ ਰਕਮ ਸਾਲ 2018-19 ਦੇ ਦਰਮਿਆਨ ਵਸੂਲ ਕੀਤੀ। ਉਨ੍ਹਾਂ ਨੂੰ ਜਦੋਂ ਉਸਦੀ ਠੱਗੀ ਦਾ ਪਤਾ ਲੱਗਾ ਤਾਂ ਪੀੜਤਾਂ ਨੇ ਉਸ ਕੋਲੋਂ ਆਪਣੇ ਪੈਸੇ ਵਾਪਸ ਮੰਗੇ। ਲੋਕ ਇਨਸਾਫ਼ ਪਾਰਟੀ ਦੇ ਆਗੂ ਰਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਉਕਤ ਸਾਬਕਾ ਫੌਜੀ ਪੀੜਤਾਂ ਨੂੰ ਲਾਅਰੇ ਲਾਉਂਦਾ ਰਿਹਾ ਤੇ ਕਈ ਨੌਜਵਾਨਾਂ ਨੂੰ ਉਸ ਨੇ ਰਕਮ ਦੇ ਚੈੱਕ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਐਸਪੀ ਡੀ ਨੂੰ ਸੌਂਪੀ ਗਈ ਹੈ ਜਿੰਨ੍ਹਾਂ ਜਾਂਚ ਦੇ ਆਦੇਸ਼ ਦਿੱਤੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.