50 ਹਜ਼ਾਰ ਦਾ ਇਨਾਮੀ ਸ਼ਸ਼ੀਕਾਂਤ ਵੀ ਗ੍ਰਿਫ਼ਤਾਰ

ਕਾਨਪੁਰ, 14 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਬੀਤੀ 2 ਜੁਲਾਈ ਦੀ ਰਾਤ ਕਾਨਪੁਰ ਦੇ ਬਿਕਰੂ ਪਿੰਡ ਵਿੱਚ ਪੁਲਿਸ ਮੁਕਾਬਲੇ ਦੇ ਦੋਸ਼ੀ ਅਤੇ ਵਿਕਾਸ ਦੂਬੇ ਦੇ ਸਾਥੀ ਸ਼ਸ਼ੀਕਾਂਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ਼ਸ਼ੀਕਾਂਤ ਦੇ ਸਿਰ 'ਤੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਸ਼ਸ਼ੀਕਾਂਤ ਤੋਂ ਪੁੱਛਗਿੱਛ ਦੇ ਆਧਾਰ 'ਤੇ ਮੁਕਾਬਲੇ ਦੌਰਾਨ ਲੁੱਟੀ ਗਈ ਪੁਲਿਸ ਦੀ ਏਕੇ-47 ਰਾਈਫ਼ਲ, 17 ਕਾਰਤੂਸ ਅਤੇ ਇੰਸਾਸ ਰਾਈਫ਼ਲ ਦੇ 20 ਕਾਰਤੂਸ ਬਰਾਮਦ ਕਰ ਲਏ ਗਏ ਹਨ।
ਅਪਰ ਪੁਲਿਸ ਦੇ ਜਨਰਲ ਡਾਇਰੈਕਟਰ (ਕਾਨੂੰਨ ਵਿਵਸਥਾ) ਪ੍ਰਸ਼ਾਂਤ ਕੁਮਾਰ ਮੰਗਲਵਾਰ ਸਵੇਰੇ ਕਾਨਪੁਰ ਪੁੱਜੇ। ਅਫ਼ਸਰਾਂ ਨਾਲ ਬੈਠਕ ਮਗਰੋਂ ਮੀਡੀਆ ਨੂੰ ਹਥਿਆਰਾਂ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ। ਏਡੀਜੀ ਨੇ ਦੱਸਿਆ ਕਿ ਬਿਕਰੂ ਵਿੱਚ ਛਾਪਾ ਮਾਰਨ ਗਈ ਟੀਮ 'ਤੇ ਵਿਕਾਸ ਨੇ ਆਪਣੇ ਸਾਥੀਆਂ ਸਣੇ ਹਮਲਾ ਕਰ ਦਿੱਤਾ ਸੀ। ਅੱਠ ਪੁਲਿਸ ਕਰਮੀਆਂ ਦਾ ਕਤਲ ਕਰਕੇ ਏਕੇ-47 ਅਤੇ ਇੰਸਾਸ ਰਾਈਫਲ ਲੁੱਟ ਲਈ ਸੀ। ਇਨ•ਾਂ ਦੇ ਨਾਲ ਹੀ ਕਾਰਤੂਸ ਵੀ ਲੁੱਟੇ ਗਏ ਸਨ।
ਐਸਐਸਪੀ ਨੇ ਐਸਪੀ ਪੱਛਮੀ ਡਾ. ਅਨਿਲ ਕੁਮਾਰ ਅਤੇ ਐਸਪੀ ਗ੍ਰਾਮੀਣ ਨੂੰ ਜਾਂਚ ਲਈ ਲਾਇਆ ਸੀ। ਐਸਓਜੀ ਦੇ ਨਾਲ ਸ਼ਿਵਰਾਜਪੁਰ ਅਤੇ ਰੇਲ ਬਾਜ਼ਾਰ ਥਾਣੇ ਦੀ ਪੁਲਿਸ ਕੰਮ ਕਰ ਰਹੀ ਸੀ। ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਘਟਨਾ ਵਿੱਚ ਸ਼ਾਮਲ ਪ੍ਰੇਮ ਕੁਮਾਰ ਪਾਂਡੇ ਦਾ ਪੁੱਤਰ ਫਰਾਰ ਅਪਰਾਧੀ ਬਿਕਰੂ ਨਿਵਾਸੀ ਸ਼ਸ਼ੀਕਾਂਤ ਉਰਫ਼ ਸੋਨੂ ਪਾਂਡੇ ਚੌਬੇਪੁਰ ਖੇਤਰ ਵਿੱਚ ਦੇਖਿਆ ਗਿਆ ਹੈ। ਪੁਲਿਸ ਨੇ ਨਿਗਰਾਨੀ ਵਧਾਈ ਅਤੇ ਚੌਬੇਪੁਰ ਕਸਬੇ ਤੇ ਮੇਲਾ ਤਿਰਾਹੇ ਦੇ ਨੇੜਿਓਂ ਰਾਤ ਲਗਭਗ 3 ਵਜੇ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਨੇ ਸਖ਼ਤਾਈ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਪੁਲਿਸ ਕਰਮੀਆਂ 'ਤੇ ਹਮਲੇ ਵਿੱਚ ਉਹ ਵੀ ਸ਼ਾਮਲ ਸੀ। ਪੁਲਿਸ ਦੀ ਏਕੇ-47 ਅਤੇ ਇੰਸਾਸ ਰਾਈਫ਼ਲ ਲੁੱਟ ਲਈ ਗਈ ਸੀ। ਵਿਕਾਸ ਦੂਬੇ ਨੇ ਏਕੇ-47 ਆਪਣੇ ਕੋਲ ਰੱਖ ਲਈ ਸੀ ਅਤੇ ਇੰਸਾਸ ਰਾਈਫ਼ਲ ਉਸ ਨੂੰ ਦੇ ਦਿੱਤੀ ਸੀ। ਪੁਲਿਸ ਮੁਤਾਬਕ ਸ਼ਸ਼ੀਕਾਂਤ ਨੇ ਜਾਣਕਾਰੀ ਦਿੱਤੀ ਕਿ ਏਕੇ-47 ਵਿਕਾਸ ਦੂਬੇ ਆਪਣੇ ਘਰ ਵਿੱਚ ਛੁਪਾ ਕੇ ਭੱਜ ਗਿਆ ਸੀ ਅਤੇ ਉਸ ਨੇ ਵੀ ਇੰਸਾਸ ਰਾਈਫ਼ਲ ਆਪਣੇ ਘਰ ਵਿੱਚ ਹੀ ਰੱਖੀ ਹੋਈ ਹੈ। ਸ਼ਸ਼ੀਕਾਂਤ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਏਕੇ-47 ਅਤੇ 17 ਕਾਰਤੂਸ ਵਿਕਾਸ ਦੂਬੇ ਦੇ ਘਰੋਂ ਅਤੇ ਸ਼ਸ਼ੀਕਾਂਤ ਦੇ ਘਰੋਂ ਇੰਸਾਸ ਰਾਈਫ਼ਲ ਅਤੇ 20 ਕਾਰਤੂਸ ਬਰਾਮਦ ਕਰ ਲਏ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.