ਜੂਨ 'ਚ 864 ਅਰਬ ਡਾਲਰ 'ਤੇ ਪੁੱਜਾ ਬਜਟ ਘਾਟਾ

ਵਾਸ਼ਿੰਗਟਨ, 14 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੀ ਸੰਘੀ ਸਰਕਾਰ ਨੂੰ ਇਸ ਸਾਲ ਜੂਨ ਮਹੀਨੇ ਵਿੱਚ ਇਤਿਹਾਸ ਦੇ ਸਭ ਤੋਂ ਵੱਡੇ ਬਜਟ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ। ਟਰੰਪ ਸਰਕਾਰ ਨੂੰ ਇੱਕ ਪਾਸੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਲਈ ਜ਼ਿਆਦਾ ਖਰਚਹ ਕਰਨਾ ਪਿਆ ਤਾਂ ਦੂਜੇ ਪਾਸੇ ਲੱਖਾਂ ਨੌਕਰੀਆਂ ਦੇ ਚਲੇ ਜਾਣ ਨਾਲ ਉਸ ਦਾ ਟੈਕਸ ਮਾਲੀਆ ਘਟ ਗਿਆ। ਅਮਰੀਕਾ ਦੇ ਖਜ਼ਾਨਾ ਵਿਭਾਗ ਨੇ ਦੱਸਿਆ ਕਿ ਪਿਛਲੇ ਮਹੀਨੇ ਭਾਵ ਜੂਨ ਮਹੀਨੇ ਵਿੱਚ ਘਾਟਾ ਵਧ ਕੇ 864 ਅਰਬ ਡਾਲਰ 'ਤੇ ਪਹੁੰਚ ਗਿਆ। ਇਹ ਅੰਕੜਾ ਅਮਰੀਕਾ ਦੇ ਇਤਿਹਾਸ ਦੇ ਕਈ ਸਾਲਾਨਾ ਘਾਟਿਆਂ ਤੋਂ ਵੀ ਜ਼ਿਆਦਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਅਮਰੀਕਾ ਨੂੰ 738 ਅਰਬ ਡਾਲਰ ਦਾ ਮਹੀਨਾਵਾਰ ਘਾਟਾ ਹੋਇਆ ਸੀ।
ਅਮਰੀਕੀ ਕਾਂਗਰਸ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪਹਿਲਾਂ ਹੀ ਅਰਬਾਂ ਡਾਲਰ ਦੀ ਰਾਸ਼ੀ ਉਪਲੱਬਧ ਕਰਵਾਈ ਹੈ। ਅਮਰੀਕਾ ਦਾ ਬਜਟ ਘਾਟਾ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਦੌਰਾਨ ਕੁੱਲ ਮਿਲਾ ਕੇ 2740 ਅਰਬ ਡਾਲਰ ਤੱਕ ਪਹੁੰਚ ਚੁੱਕਾ ਹੈ। ਨੌ ਮਹੀਨੇ ਦੀ ਇਸ ਮਿਆਦ ਲਈ ਇਹ ਘਾਟਾ ਇੱਕ ਰਿਕਾਰਡ ਹੈ। ਇਸ ਹਿਸਾਬ ਨਾਲ ਪੂਰੇ ਸਾਲ ਦਾ ਘਾਟਾ 3700 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ। ਅਮਰੀਕਾ ਦੀ ਕਾਂਗਰਸ ਭਾਵ ਸੰਸਦ ਨੇ ਸਾਲ ਦੌਰਾਨ ਬਜਟ ਘਾਟਾ 3700 ਅਰਬ ਡਾਲਰ 'ਤੇ ਪਹੁੰਚਣ ਦਾ ਅੰਦਾਜ਼ਾ ਲਾਇਆ ਹੈ। ਅਮਰੀਕਾ ਦਾ ਇਹ ਬਜਟ ਘਾਟਾ ਉਸ ਦੇ ਸਾਲ 2009 ਦੇ ਪਿਛਲੇ ਸਾਲਾਨਾ ਰਿਕਾਰਡ 1400 ਅਰਬ ਡਾਲਰ ਦੇ ਮੁਕਾਬਲੇ ਕਿਤੇ ਜ਼ਿਆਦਾ ਹੋਵੇਗਾ। ਉਸ ਸਮੇਂ ਆਈ ਮੰਦੀ ਦੌਰਾਨ ਅਮਰੀਕੀ ਸਰਕਾਰ ਨੇ ਅਰਥਵਿਵਸਥਾ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਭਾਰੀ ਖਰਚ ਕੀਤਾ ਸੀ। ਤਾਜ਼ਾ ਗੱਲ ਕਰੀਏ ਤਾਂ ਅਮਰੀਕੀ ਸਰਕਾਰ ਨੇ ਕੋਰੋਨਾ ਕਾਰਨ ਲੌਕਡਾਊਨ ਲਾਗੂ ਕੀਤਾ ਸੀ, ਜਿਸ ਨਾਲ ਬਹੁਤ ਸਾਰੇ ਲੋਕ ਬੇਰੋਜ਼ਗਾਰ ਹੋ ਗਏ।
ਲੋਕਾਂ ਨੂੰ ਰਾਹਤ ਦੇਣ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ। ਬੇਰੋਜ਼ਗਾਰਾਂ ਨੂੰ 600 ਡਾਲਰ ਪ੍ਰਤੀ ਹਫ਼ਤੇ ਦਾ ਵਾਧੂ ਲਾਭ ਦਿੱਤਾ ਗਿਆ ਅਤੇ ਕੰਪਨੀਆਂ ਨੂੰ ਉਨ•ਾਂ ਦੇ ਕਰਮਚਾਰੀਆਂ ਲਈ ਤਨਖਾਹ ਸੁਰੱਖਿਆ ਸਹੂਲਤ ਦਿੱਤੀ ਗਈ ਤਾਂ ਜੋ ਉਨ•ਾਂ ਨੂੰ ਨੌਕਰੀ ਵਿੱਚ ਬਰਕਰਾਰ ਰੱਖਿਆ ਜਾਵੇ। ਇਸ ਨੂੰ ਪੇ-ਚੈਕ ਸੁਰੱਖਿਆ ਪ੍ਰੋਗਰਾਮ ਦਾ ਨਾਂ ਦਿੱਤਾ ਗਿਆ, ਜਿਸ 'ਤੇ ਜੂਨ ਮਹੀਨੇ ਵਿੱਚ 511 ਅਰਬ ਡਾਲਰ ਖਰਚ ਹੋਏ।

ਹੋਰ ਖਬਰਾਂ »

ਹਮਦਰਦ ਟੀ.ਵੀ.