ਅਮਲੋਹ, 3 ਅਗਸਤ, ਹ.ਬ. :  ਨਜ਼ਦੀਕ ਪਿੰਡ ਸਲਾਣਾ ਦੁੱਲਾ ਸਿੰਘ ਵਾਲਾ ਦੇ ਇਕ ਨੌਜਵਾਨ ਵਲੋਂ ਪ੍ਰੇਮ ਸਬੰਧਾਂ ਵਿਚ ਰੋੜਾ ਬਣ ਰਹੀ ਆਪਣੀ ਪਤਨੀ ਨੂੰ ਮਾਰਨ ਲਈ ਪਿੰਡ ਦੇ ਤਿੰਨ ਨੌਜਵਾਨਾਂ ਨੂੰ ਤੀਹ ਹਜ਼ਾਰ ਰੁਪਏ ਵਿਚ ਸੁਪਾਰੀ ਦਿੱਤੀ ਪਰ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਪਰਿਵਾਰਕ ਮੈਂਬਰਾਂ ਦੇ ਜਾਗ ਜਾਣ 'ਤੇ ਮੁਲਜ਼ਮ ਫਰਾਰ ਹੋ ਗਏ। ਅਮਲੋਹ ਪੁਲਿਸ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਰਜਿੰਦਰ ਕੌਰ ਪਤਨੀ ਜਰਨੈਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਸ ਦੇ ਪਤੀ ਜਰਨੈਲ ਸਿੰਘ ਅਤੇ ਉਸ ਵਲੋਂ ਬੁਲਾਏ ਗਏ ਤਿੰਨ ਹੋਰ ਵਿਅਕਤੀਆਂ ਨੇ 30 ਜੁਲਾਈ ਨੂੰ ਤੜਕੇ ਦੋ ਵਜੇ ਦੇ ਕਰੀਬ ਜਦੋਂ ਉਹ ਸੁੱਤੇ ਪਏ ਸੀ ਤਾਂ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਉਸ ਨੇ ਰੌਲਾ ਪਾਇਆ ਤਾਂ ਮੁਲਜ਼ਮ ਫਰਾਰ ਹੋ ਗਏ। ਥਾਣਾ ਮੁਖੀ ਨੇ ਦੱਸਿਆ ਜਰਨੈਲ ਸਿੰਘ ਦੇ ਕਿਸੇ ਹੋਰ ਲੜਕੀ ਨਾਲ ਪ੍ਰੇਮ ਸਬੰਧ ਹਨ, ਉਸ ਨੇ ਪਤਨੀ ਨੂੰ ਰਸਤੇ ਵਿਚੋਂ ਹਟਾਉਣ ਲਈ ਪਿੰਡ ਦੇ ਗੁਰਜੀਤ ਸਿੰਘ ਨਾਂ ਦੇ ਨੌਜਵਾਨ ਨਾਲ 30 ਹਜ਼ਾਰ ਰੁਪਏ ਵਿਚ ਸੌਦਾ ਕੀਤਾ। ਗੁਰਜੀਤ ਸਿੰਘ ਨੇ ਜਸਪ੍ਰੀਤ ਸਿੰਘ ਅਤੇ ਤੇਜਵੀਰ ਨੂੰ ਵੀ ਇਸ ਕੰਮ ਵਿਚ ਨਾਲ ਸ਼ਾਮਲ ਕਰ ਲਿਆ। 30 ਜੁਲਾਈ ਨੂੰ ਸਵੇਰੇ ਦੋ ਵਜੇ ਦੇ ਕਰੀਬ ਜਦੋਂ ਜਰਨੈਲ ਅਤੇ ਉਸ ਦੀ ਪਤਨੀ ਸੁੱਤੇ ਪਾਏ ਸੀ ਤਾਂ ਮੁਲਜ਼ਮ ਘਰ ਵਿਚ ਦਾਖਲ ਹੋ ਗਏ। ਉਨ੍ਹਾਂ ਨੇ ਹਰਜਿੰੰਦਰ ਕੌਰ ਦੇ ਮੂੰਹ 'ਤੇ ਸਿਰਹਾਣਾ ਰੱਖ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਕੰਮ ਵਿਚ ਜਰਨੈਲ ਸਿੰਘ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਪਰ ਹਰਜਿੰਦਰ ਕੌਰ ਦੀ ਕੂਕ ਸੁਣ ਕੇ ਉਸ ਦਾ ਸਹੁਰਾ ਅਤੇ ਬਾਕੀ ਪਰਿਵਾਰ ਮੌਕੇ ਤੇ ਆ ਗਿਆ। ਉਨ੍ਹਾਂ ਨੂੰ ਵੇਖ ਮੁਲਜ਼ਮ ਫਰਾਰ ਹੋ ਗਏ। ਪੁਲਿਸ ਨੇ ਜਰਨੈਲ ਸਿੰਘ, ਗੁਰਜੀਤ ਸਿੰਘ, ਤੇਜਵੀਰ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸਬ ਇੰਸਪੈਕਟਰ ਗੁਰਮੀਤ ਨੇ ਦੱਸਿਆ ਤੇਜਵੀਰ ਸਿੰਘ ਅਤੇ ਜਸਪ੍ਰੀਤ ਸਿੰਘ ਨਾਬਾਲਗ ਹਨ। ਉਨ੍ਹਾਂ ਨੂੰ ਡਿਊਟੀ ਮੈਜਿਸਟਰੇਟ ਫਤਹਿਗੜ੍ਹ ਸਾਹਿਬ ਕੋਲ ਪੇਸ਼ ਕੀਤਾ ਗਿਆ। ਉਨ੍ਹਾਂ ਨੂੰ ਲੁਧਿਆਣਾ ਬਾਲ ਸੁਧਾਰ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ, ਜਦੋਂ ਕਿ ਜਰਨੈਲ ਸਿੰਘ ਅਤੇ ਗੁਰਜੀਤ ਸਿੰਘ ਨੂੰ ਪੇਸ਼ ਕੀਤਾ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.