ਇੱਕ ਸਟਾਫ਼ ਮੈਂਬਰ ਦੇ ਪੌਜ਼ੀਟਿਵ ਆਉਣ ਮਗਰੋਂ ਸਾਰੇ ਪਾਰਟੀ ਨੇਤਾ ਹੋਏ ਏਕਾਂਤਵਾਸ

ਔਟਾਵਾ, 15 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਬਲਾਕ ਕਿਊਬਿਕ ਪਾਰਟੀ 'ਤੇ ਉਦੋਂ ਕੋਰੋਨਾ ਦਾ ਪਰਛਾਵਾਂ ਪੈ ਗਿਆ, ਜਦੋਂ ਇੱਕ ਸਟਾਫ਼ ਮੈਂਬਰ ਦੇ ਪੌਜ਼ੀਟਿਵ ਆਉਣ ਮਗਰੋਂ ਪਾਰਟੀ ਦੇ ਲਗਭਗ ਸਾਰੇ ਐਮਪੀ ਏਕਾਂਤਾਵਾਸ ਹੋ ਗਏ। ਇਨ•ਾਂ ਵਿੱਚ ਪਾਰਟੀ ਆਗੂ ਯਾਵੇਸ-ਫਰੈਂਕੋਇਸ ਬਲੈਂਚੇਟ ਸਣੇ ਲਗਭਗ 31 ਐਮਪੀ ਸ਼ਾਮਲ ਹਨ। ਸਟਾਫ਼ ਮੈਂਬਰ ਦੀ ਕੋਰੋਨਾ ਰਿਪੋਰਟ ਅਜਿਹੇ ਸਮੇਂ ਪੌਜ਼ੀਟਿਵ ਆਈ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਇਨ-ਪਰਸਨ ਕੌਕਸ ਮੀਂਿਟੰਗ ਹੋਈ ਸੀ, ਜਿਸ ਵਿੱਚ ਪਾਰਟੀ ਦੇ ਲੀਡਰ ਬਲੈਂਚੇਟ ਸਣੇ ਲਗਭਗ 31 ਐਮਪੀ ਸ਼ਾਮਲ ਹੋਏ ਸਨ। ਉੱਧਰ ਸੰਸਦ ਦਾ ਸੈਸ਼ਨ 23 ਸਤੰਬਰ ਨੂੰ ਮੁੜ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਲਿਬਰਲ ਸਰਕਾਰ ਵਿਰੋਧੀ ਧਿਰਾਂ ਨਾਲ ਇਸ ਗੱਲ ਨੂੰ ਲੈ ਕੇ ਚਰਚਾ ਕਰ ਰਹੀ ਹੈ ਕਿ ਹਾਊਸ ਆਫ਼ ਕਾਮਨਜ਼ ਵਿੱਚ ਕੋਰੋਨਾ ਤੋਂ ਬਚਾਅ ਲਈ ਕਿਸ ਢੰਗ ਨਾਲ ਕੰਮ ਕੀਤਾ ਜਾਵੇ।
ਬਲਾਕ ਕਿਊਬਿਕ ਦੀ ਮਹਿਲਾ ਬੁਲਾਰੀ ਕੈਰੋਲੇਨ ਲੈਂਡਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪਾਰਟੀ ਦੀ ਮੀਟਿੰਗ ਹੋਈ ਸੀ। ਉਸ ਮਗਰੋਂ ਇੱਕ ਸਟਾਫ਼ ਮੈਂਬਰ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਇਸ ਦੇ ਚਲਦਿਆਂ ਪਾਰਟੀ ਦੇ ਲੀਡਰ ਬਲੈਂਚੇਟ ਸਣੇ ਸਾਰੇ ਐਮਪੀਜ਼ ਨੂੰ ਏਕਾਂਤਵਾਸ ਰਹਿਣ ਅਤੇ ਜਨਤਕ ਸਿਹਤ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਦਾ ਸਾਰਾ ਕੰਮ ਆਨਲਾਈਨ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਕੈਨੇਡਾ ਦੀ ਸੰਸਦ 'ਹਾਊਸ ਆਫ਼ ਕਾਮਨਜ਼' ਦਾ ਕੰਮ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬੀਤੇ ਮਾਰਚ ਮਹੀਨੇ ਤੋਂ ਮੁਲਤਵੀ ਚੱਲ ਰਿਹਾ ਹੈ। ਮਹਾਂਮਾਰੀ ਦੌਰਾਨ ਕੈਨੇਡੀਅਨ ਲੋਕਾਂ ਨੂੰ ਐਮਰਜੰਸੀ ਸਹਾਇਤਾ ਦੇਣ ਲਈ ਸਿਰਫ਼ ਛੋਟੀਆਂ-ਮੋਟੀਆਂ ਬੈਠਕਾਂ ਕੀਤੀਆਂ ਗਈਆਂ ਹਨ। ਪਰ ਹੁਣ ਲਿਬਰਲ ਸਰਕਾਰ ਨੇ 23 ਸਤੰਬਰ ਤੋਂ ਸੰਸਦ ਦਾ ਸੈਸ਼ਨ ਮੁੜ ਚਲਾਉਣ ਦਾ ਫ਼ੈਸਲਾ ਕੀਤਾ ਹੈ, ਪਰ ਇਸ ਦੌਰਾਨ ਕੁਝ ਐਮਪੀ ਹੀ ਸੰਸਦ ਵਿੱਚ ਬੈਠਣਗੇ, ਜਦਕਿ ਬਾਕੀ ਵਰਚੁਅਲੀ ਤੌਰ 'ਤੇ ਸੰਸਦ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਕਿਸੇ ਵੀ ਮਤੇ 'ਤੇ ਵੋਟਿੰਗ ਇਲੈਕਟ੍ਰਾਨਿਕ ਢੰਗ ਨਾਲ ਕੀਤੀ ਜਾਵੇਗੀ। ਹਾਲਾਂਕਿ ਐਨਡੀਪੀ ਅਤੇ ਬਲਾਕ ਕਿਊਬਿਕ ਪਾਰਟੀ ਨੇ ਇਸ ਮਾਮਲੇ ਵਿੱਚ ਸਰਕਾਰ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ, ਜਦਕਿ ਕੰਜ਼ਰਵੇਟਿਵ ਪਾਰਟੀ ਇਸ ਦਾ ਵਿਰੋਧ ਕਰ ਰਹੀ ਹੈ। ਟੋਰੀਆਂ ਨੇ ਸੰਕੇਤ ਦਿੱਤਾ ਹੈ ਕਿ ਉਹ ਇਲੈਕਟ੍ਰਾਨਿਕ ਵੋਟਿੰਗ ਦੇ ਖ਼ਿਲਾਫ਼ ਹਨ। ਉੱਧਰ ਸਰਕਾਰ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਡੋਮਿਨਿਕ ਲੇਬਲੈਂਕ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਗ਼ੈਰ-ਜ਼ਿੰਮੇਦਾਰੀ ਵਾਲਾ ਰਾਹ ਅਪਣਾ ਰਹੀ ਹੈ। ਉਸ ਨੂੰ ਬਲਾਕ ਕਿਊਬਿਕ ਪਾਰਟੀ ਨਾਲ ਜੋ ਹੋਇਆ, ਉਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਕਿਉਂਕਿ ਮਹਾਂਮਾਰੀ ਦੇ ਇਸ ਦੌਰ ਵਿੱਚ ਜੇਕਰ ਸਾਰੇ ਐਮਪੀ ਇੱਕ ਹੀ ਥਾਂ 'ਤੇ ਇਕੱਠੇ ਹੋਏ ਤਾਂ ਕੁਝ ਵੀ ਵਾਪਰ ਸਕਦਾ ਹੈ। ਇਸ ਲਈ ਪਹਿਲਾਂ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ।

ਹੋਰ ਖਬਰਾਂ »

ਕੈਨੇਡਾ

ਹਮਦਰਦ ਟੀ.ਵੀ.