ਵਾਸ਼ਿੰਗਟਨ, 18 ਨਵੰਬਰ, ਹ.ਬ. : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੀਂ ਕਿਤਾਬ 'ਏ ਪ੍ਰੌਮਿਸਡ ਲੈਂਡ' ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਓਬਾਮਾ ਦੀ ਇਹ ਕਿਤਾਬ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਦੁਨੀਆ ਦੇ ਸਭ ਤੋਂ ਖੂੰਖਾਰ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ ਹੈ।  ਉਨ੍ਹਾਂ ਨੇ ਅਪਣੀ ਕਿਤਾਬ ਏ ਪ੍ਰੌਮਿਸਡ  ਲੈਂਡ ਵਿਚ ਲਿਖਿਆ ਕਿ ਪਾਕਿਸਤਾਨ ਦੇ ਐਬਟਾਬਾਦ ਵਿਚ ਓਸਾਮਾ ਬਿਨ ਲਾਦੇਨ ਦੇ ਟਿਕਾਣੇ 'ਤੇ ਹਮਲਾ ਕਰਨ ਦੀ ਯੋਜਨਾ ਵਿਚ ਪਾਕਿਸਤਾਨੀ ਸੈਨਾ ਨੂੰ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਸਭ ਜਾਣਦੇ ਹਨ ਕਿ ਪਾਕਿਸਤਾਨੀ ਸੈਨਾ ਅਤੇ ਵਿਸ਼ੇਸ਼ ਤੌਰ 'ਤੇ ਇਸ ਦੀ ਖੁਫ਼ੀਆ ਏਜੰਸੀਆਂ ਦੇ ਸਬੰਧ ਤਾਲਿਬਾਨ ਨਾਲ ਬਣੇ ਹੋਏ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਪਾਕਿਸਤਾਨ ਅਲਕਾਇਦਾ ਨਾਲ ਮਿਲ ਕੇ ਅਫਗਾਨਿਸਤਾਨ ਅਤੇ ਭਾਰਤ ਦੇ ਖ਼ਿਲਾਫ਼   ਅੱਤਵਾਦੀ ਸਰਗਰਮੀਆਂ ਕਰਦਾ ਰਹਿੰਦਾ ਹੈ। ਇਸ ਕਿਤਾਬ ਵਿਚ ਇੱਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਪਾਕਿਸਤਾਨ ਦੇ ਐਬਟਾਬਾਦ ਵਿਚ 2 ਮਈ 2011 ਨੂੰ ਅਮਰੀਕੀ ਕਮਾਂਡੋ ਦੁਆਰਾ ਕੀਤੇ ਗਏ ਸੀਕਰੇਟ ਆਪਰੇਸ਼ਨ ਦਾ ਤਤਕਾਲੀ ਰੱਖਿਆ ਸਕੱਤਰ ਰਾਬਰਟ ਗੇਟਸ ਅਤੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਈਡਨ ਨੇ ਵਿਰੋਧ ਕੀਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.