ਮੁੰਬਈ,  20 ਨਵੰਬਰ, ਹ.ਬ. : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਹਾਲ ਹੀ 'ਚ ਬਿਹਾਰ ਦੇ ਇਕ ਯੂ-ਟਿਊਬਰ ਨੂੰ 500 ਕਰੋੜ ਦਾ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਯੂਟਿਊਬਰ 'ਤੇ ਦੋਸ਼ ਹੈ ਕਿ ਉਸ ਨੇ  ਯੂਟਿਊਬ ਚੈਨਲ 'ਤੇ ਮੁੰਬਈ ਪੁਲਿਸ, ਆਦਿੱਤਿਆ ਠਾਕਰੇ ਤੇ ਅਕਸ਼ੈ ਕੁਮਾਰ ਖ਼ਿਲਾਫ਼ ਗਲਤ ਜਾਣਕਾਰੀ ਤੇ ਅਪਮਾਨਜਨਕ ਵੀਡੀਓ ਪੋਸਟ ਕੀਤੀਆਂ ਸਨ। ਇੰਨਾ ਹੀ ਨਹੀਂ ਯੂਟਿਊਬਰ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਸ ਬਾਰੇ ਗਲਤ ਜਾਣਕਾਰੀ ਵਾਲੇ ਵੀਡੀਓ ਅਪਲੋਡ ਕੀਤੇ ਸਨ, ਜਿਸ ਤੋਂ ਉਸ ਨੇ 15 ਲੱਖ ਰੁਪਏ ਦੀ ਕਮਾਈ ਕੀਤੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁੰਬਈ ਪੁਲਿਸ ਨੇ ਯੂਟਿਊਬਰ ਖ਼ਿਲਾਫ਼ ਕੇਸ ਦਰਜ ਕੀਤਾ। ਹਾਲਾਂਕਿ ਬਾਅਦ 'ਚ ਇਸ ਸ਼ਰਤ 'ਤੇ ਜ਼ਮਾਨਤ ਮਿਲ ਗਈ ਕਿ ਉਹ ਜਾਂਚ ਵਿਚ ਪੁਲਿਸ ਦੀ ਮਦਦ ਕਰੇਗਾ। ਯੂਟਿਊਬਰ ਦਾ ਨਾਂ ਰਾਸ਼ੀਦ ਸਿਦੀਕੀ ਹੈ, ਜਿਸ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਰਾਸ਼ੀਦ ਬਿਹਾਰ ਦਾ ਰਹਿਣ ਵਾਲਾ ਹੈ ਤੇ ਪੇਸ਼ੇ ਤੋਂ ਸਿਵਲ ਇੰਜੀਨੀਅਰ ਹੈ। ਰਾਸ਼ਿਦ ਇਕ ਯੂਟਿਊਬ ਚੈਨਲ ਚਲਾਉਂਦਾ ਹੈ, ਜਿਸ 'ਤੇ ਮੁੰਬਈ ਪੁਲਿਸ, ਆਦਿੱਤਿਆ ਠਾਕਰੇ ਤੇ ਅਕਸ਼ੈ ਕੁਮਾਰ ਖ਼ਿਲਾਫ਼ ਕੁਝ ਅਪਮਾਨਜਨਕ ਵੀਡੀਓ ਪੋਸਟ ਕੀਤੀਆਂ ਗਈਆਂ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ਿਵ ਸੈਨਾ ਦੇ ਲੀਗਲ ਸੈੱਲ ਦੇ ਵਕੀਲ ਧਰਮੇਂਦਰ ਮਿਸ਼ਰਾ ਨੇ ਰਾਸ਼ਿਦ ਖ਼ਿਲਾਫ਼ ਕੇਸ ਕੀਤਾ, ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਰਾਸ਼ਿਦ ਖ਼ਿਲਾਫ਼ ਮਾਣਹਾਨੀ, ਜਨਤਕ ਦੁਰਾਚਾਰ ਤੇ ਜਾਣਬੁੱਝ ਕੇ ਕਿਸੇ ਦਾ ਅਪਮਾਨ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਹਾਲਾਂਕਿ ਕੋਰਟ ਨੇ ਰਾਸ਼ਿਦ ਨੂੰ ਇਸ ਸ਼ਰਤ 'ਤੇ ਜ਼ਮਾਨਤ ਦੇ ਦਿੱਤੀ ਕਿ ਉਹ  ਪੁਲਿਸ ਦੀ ਜਾਂਚ ਵਿਚ ਸਹਿਯੋਗ ਕਰੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.