ਨਵੀਂ ਦਿੱਲੀ, 3 ਦਸੰਬਰ, ਹ.ਬ. : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਇਸ ਵਾਰ ਗਣਤੰਤਰ ਦਿਵਸ 'ਤੇ ਭਾਰਤ ਦੇ ਮੁੱਖ ਮਹਿਮਾਨ ਹੋ ਸਕਦੇ ਹਨ। ਪਿਛਲੇ ਦਿਨੀਂ ਜੌਨਸਨ ਦੇ ਨਾਲ ਟੈਲੀਫੋਨ 'ਤੇ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਉਨ੍ਹਾਂ ਇਸ ਦਾ ਸੱਦਾ ਦਿੱਤਾ ਸੀ। ਸੂਤਰਾਂ ਅਨੁਸਾਰ ਬਰਤਾਨਵੀ ਸਰਕਾਰ ਨੇ ਇਸ ਸੱਦੇ 'ਤੇ ਅਪਣੀ ਮਨਜ਼ੂਰੀ ਦੇ ਦਿੱਤੀ ਹੈ। ਮੋਦੀ ਅਤੇ ਜੌਨਸਨ ਵਿਚਾਲੇ 27 ਨਵੰਬਰ ਨੂੰ ਗੱਲਬਾਤ ਹੋਈ ਸੀ। ਜਿਸ ਵਿਚ ਕੋਵਿਡ 19 ਮਹਾਮਾਰੀ, ਵਾਤਾਵਰਣ ਅਤੇ ਦੁਵੱਲੇ ਕਾਰੋਬਾਰ ਜਿਹੇ ਮੁੱਦਿਆਂ 'ਤੇ ਖ਼ਾਸ ਤੌਰ 'ਤੇ ਚਰਚਾ ਹੋਈ ਸੀ। ਮੰਨਿਆ ਜਾ ਰਿਹਾ ਕਿ ਕੋਰੋਨਾ ਮਹਾਮਾਰੀ ਨੇ ਜਿਸ ਤਰ੍ਹਾਂ ਕੌਮਾਂਤਰੀ ਕੂਟਨੀਤੀ ਅਤੇ ਅਰਥ ਵਿਵਸਥਾ ਨੂੰ ਪ੍ਰਭਾਵਤ ਕੀਤਾ ਹੈ। ਉਸ ਦੇ ਮੱਦੇਨਜ਼ਰ ਦੋਵੇਂ ਦੇਸ਼ ਆਪਸੀ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਦੇਣ 'ਤੇ ਵਿਚਾਰ ਕਰ ਰਹੇ ਹਨ। ਗੱਲਬਾਤ ਵਿਚ ਪ੍ਰਧਾਨ ਮੰਤਰੀ ਨੇ ਉਨ੍ਹਾਂ ਗਣਤੰਤਰ ਦਿਵਸ 'ਤੇ ਭਾਰਤ ਆਉਣ ਦਾ ਸੱਦਾ ਦਿੱਤਾ। ਆਖਰੀ ਵਾਰ ਸਾਲ 1993 ਵਿਚ ਬ੍ਰਿਟੇਨ ਦੇ ਸਾਬਕਾ ਪੀਐਮ ਜੌਨ ਮੇਜਰ ਗਣਤੰਤਰ ਦਿਵਸ 'ਤੇ ਮੁੱਖ ਮਹਿਮਾਨ ਬਣੇ ਸੀ। ਸਾਲ 2014 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਮੋਦੀ ਹਰ ਸਾਲ ਕੌਮਾਂਤਰੀ ਕੂਟਨੀਤੀ ਦੇ ਦਮਦਾਰ ਸ਼ਖ਼ਸੀਅਤਾਂ ਨੂੰ ਗਣਤੰਤਰ ਦਿਵਸ 'ਤੇ ਮੁੱਖ ਮਹਿਮਾਨ ਦੇ ਤੌਰ 'ਤੇ ਬੁਲਾਉਂਦੇ ਰਹੇ ਹਨ।