ਔਟਵਾ, 11 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਲਗਾਤਾਰ ਜਾਰੀ ਹੈ। ਭਾਰਤੀ ਕਿਸਾਨਾਂ ਨੂੰ ਜਿੱਥੇ ਪੂਰੇ ਦੇਸ਼ ਵਿੱਚੋਂ ਸਮਰਥਨ ਮਿਲ ਰਿਹਾ ਹੈ, ਉੱਥੇ ਵਿਦੇਸ਼ੀ ਧਰਤੀ ’ਤੇ ਵੀ ਉਨ੍ਹਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕੈਨੇਡਾ ਵਿੱਚ ਰੈਲੀਆਂ ਦਾ ਦੌਰ ਜਾਰੀ ਹੈ। ਅੱਜ ਔਟਵਾ ਵਿੱਚ ਵੀ ਭਾਰਤੀ ਕਿਸਾਨਾਂ ਦੇ ਸਮਰਥਨ ਵਿੱਚ ਰੈਲੀ ਦਾ ਆਯੋਜਨ ਕੀਤਾ ਗਿਆ। 
ਇਸ ਰੈਲੀ ਵਿੱਚ ਔਟਵਾ ’ਚ ਵੱਸਦੇ ਵੱਡੀ ਗਿਣਤੀ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਸੀ। ਇਹ ਰੈਲੀ ਔਟਵਾ ਦੇ ਰੀਵਰਸਾਈਡ ਡਰਾਈਵ ’ਤੇ ਆਰਏ ਸੈਂਟਰ ਦੀ ਪਾਰਕਿੰਗ ਤੋਂ ਸ਼ੁਰੂ ਹੋਈ ਅਤੇ ਵੈਨੀਅਰ ਪਾਰਕ ਤੋਂ ਹੁੰਦੀ ਹੋਈ ਬੀਚਵੁੱਡ ਐਵੇਨਿਊ ਵਿਖੇ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਜਾ ਕੇ ਸਮਾਪਤ ਹੋਈ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਦੇ ਹਾਰਨ ਵਜਾ ਕੇ ਭਾਰਤੀ ਕਿਸਾਨਾਂ ਦੇ ਸਮਰਥਨ ’ਚ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਦੇ ਸਮਰਥਨ ਤੇ ਮੋਦੀ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। 
 

ਹੋਰ ਖਬਰਾਂ »

ਹਮਦਰਦ ਟੀ.ਵੀ.