ਲੰਡਨ, 13 ਜਨਵਰੀ, ਹ.ਬ. : ਬਰਤਾਨੀਆ ਵਿਚ  ਕੋਰੋਨਾ ਨਾਲ ਮਰਨ ਵਾਲਿਆਂ ਦੀ ਦੀ ਗਿਣਤੀ 81 ਹਜ਼ਾਰ ਦੇ ਪਾਰ ਹੋ ਗਈ ਹੈ। ਉੱਥੇ 59,937 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਕ ਦਿਨ ਪਹਿਲੇ ਇਹ ਗਿਣਤੀ 68,053 ਸੀ। ਇੰਗਲੈਂਡ ਦੇ ਮੁੱਖ ਡਾਕਟਰ ਕ੍ਰਿਸ ਵਿਟੀ ਨੇ ਰੇਡੀਓ, ਟੀਵੀ ਅਤੇ ਸੋਸ਼ਲ ਮੀਡੀਆ ‘ਤੇ ਇਕ ਇਸ਼ਤਿਹਾਰ ਵਿਚ ਕਿਹਾ ਕਿ ਕੋਰੋਨਾ ਦਾ ਨਵਾਂ ਰੂਪ ਦੇਸ਼ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਵਿਚ ਕਈ ਲੋਕਾਂ ਨੂੰ ਗੰਭੀਰ ਬਿਮਾਰੀ ਦਾ ਖ਼ਤਰਾ ਹੈ। ਕੋਰੋਨਾ ਦਾ ਟੀਕਾ ਆਸ ਦੀ ਕਿਰਣ ਦਿਸਦਾ ਹੈ ਅਤੇ ਅਜਿਹੀ ਸਥਿਤੀ ਵਿਚ ਅਸੀਂ ਸਾਰਿਆਂ ਨੂੰ ਘਰ ‘ਤੇ ਰਹਿ ਕੇ ਆਪਣਾ ਜੀਵਨ ਬਚਾਉਣ ਦੀ ਅਪੀਲ ਕਰਦੇ ਹਾਂ। ਇਸੇ ਸੋਚ ਵਿਚਕਾਰ ਸਰਕਾਰ ਨੂੰ ਸਲਾਹ ਦੇਣ ਵਾਲੇ ਵਿਗਿਆਨੀਆਂ ਨੇ ਕਿਹਾ ਹੈ ਕਿ ਮੌਜੂਦਾ ਲਾਕਡਾਊਨ ਉਪਾਵਾਂ ਨੂੰ ਹੋਰ ਸਖ਼ਤ ਕਰਨ ਦੀ ਲੋੜ ਹੈ। ਉਧਰ, ਸੀਐਨਐਨ ਨੂੰ ਦਿੱਤੇ ਇੰਟਰਵਿਊ ਵਿਚ ਪੋਪ ਫਰਾਂਸਿਸ ਨੇ ਕਿਹਾ ਹੈ ਕਿ ਵੈਟੀਕਨ ਵਿਚ ਅਗਲੇ ਹਫ਼ਤੇ ਤੋਂ ਟੀਕਾਕਰਨ ਸ਼ੁਰੂ ਹੋਵੇਗਾ ਅਤੇ ਉਹ ਵੀ ਵੈਕਸੀਨ ਲੈਣ ਵਾਲਿਆਂ ਦੀ ਕਤਾਰ ਵਿਚ ਹਨ। ਉਨ੍ਹਾਂ ਕਿਹਾ ਕਿ ਵੈਕਸੀਨ ਲੈਣਾ ਉਨ੍ਹਾਂ ਦਾ ਨੈਤਿਕ ਫਰਜ਼ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲੇ ਮਹਾਰਾਣੀ ਐਲਿਜ਼ਾਬੈੱਥ ਦੂਜੀ ਅਤੇ ਪ੍ਰਿੰਸ ਫਿਲਿਪ ਨੂੰ ਕੋਰੋਨਾ ਦੀ ਵੈਕਸੀਨ ਦਿੱਤੀ ਗਈ ਸੀ। ਚੀਨ ‘ਵਿਚ ਕੋਰੋਨਾ ਇਕ ਵਾਰ ਫਿਰ ਪੈਰ ਪਸਾਰਦਾ ਦਿਸ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਉਥੇ 69 ਨਵੇਂ ਮਰੀਜ਼ ਮਿਲੇ ਹਨ। ਇਕ ਦਿਨ ਪਹਿਲੇ ਇਹ ਗਿਣਤੀ 33 ਸੀ। ਜ਼ਿਆਦਾਤਰ ਮਰੀਜ਼ ਹੇਬਈ ਸੂਬੇ ਦੇ ਰਹਿਣ ਵਾਲੇ ਹਨ। ਹੇਬਈ ਸੂਬੇ ਦੀ ਰਾਜਧਾਨੀ ਸ਼ਿਜਿਆਜੁਆਂਗ ਅਤੇ ਪ੍ਰਮੁੱਖ ਸ਼ਹਿਰ ਸ਼ਿਨਤਾਈ ਵਿਚ ਰਹਿਣ ਵਾਲੇ ਸਾਰੇ ਲੋਕਾਂ ਦੀ ਕੋਰੋਨਾ ਜਾਂਚ ਹੋ ਗਈ ਹੈ। ਸ਼ਿਜਿਆਜੁਆਂਗ ਵਿਚ ਲਾਕਡਾਊਨ ਦੇ ਨਾਲ ਹੀ ਜਨਤਕ ਟਰਾਂਸਪੋਰਟ ਸੇਵਾ ਨੂੰ ਵੀ ਰੋਕ ਦਿੱਤਾ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.