ਚੰਡੀਗੜ੍ਹ, 13 ਜਨਵਰੀ, ਹ.ਬ. : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਉਮਰ ਕੈਦ ਕੱਟ ਰਹੇ ਜਗਤਾਰ ਸਿੰਘ ਹਵਾਰਾ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਹਵਾਰਾ ਨੇ ਕਿਹਾ ਕਿ ਉਹ ਪਿਛਲੇ ਸਾਢੇ 15 ਸਾਲ ਤੋਂ ਜੇਲ੍ਹ ਵਿਚ ਹੈ। ਇਸ ਲਈ ਉਸ ਨੂੰ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ। ਹਵਾਰਾ ਨੂੰ ਜੂਨ 2005 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਤਦ ਤੋਂ ਉਹ ਜੇਲ੍ਹ ਵਿਚ ਹੈ। ਹਵਾਰਾ ਦੀ ਜ਼ਮਾਨਤ ਪਟੀਸ਼ਨ ਲਗਾਉਣ ਦਾ ਅਸਲੀ ਕਾਰਨ ਇਹ ਹੈ ਕਿ ਉਸ ਨੂੰ ਦਿੱਲੀ ਤਿਹਾੜ ਜੇਲ੍ਹ ਅਥਾਰਿਟੀ ਤੋਂ ਪੈਰੋਲ ਹਾਸਲ ਕਰਨੀ ਹੈ। ਲੇਕਿਨ ਉਹ ਪੈਰੋਲ ਦਾ ਹੱਕਦਾਰ ਤਦ ਹੋ ਸਕਦਾ ਹੈ ਜਦ ਉਸ  ਦੇ ਖ਼ਿਲਾਫ਼ ਚਲ ਰਹੇ ਬਾਕੀ ਮਾਮਲੇ ਜਾਂ ਤਾਂ ਖਤਮ ਹੋ ਚੁੱਕੇ ਹੋਣ ਜਾਂ ਉਨ੍ਹਾਂ ਵਿਚ ਉਸ ਨੂੰ ਜ਼ਮਾਨਤ ਮਿਲ ਗਈ ਹੋਵੇ। ਇਸ ਲਈ ਉਸ ਨੇ ਚੰਡੀਗੜ੍ਹ  ਵਿਚ ਦੋਵੇਂ ਮਾਮਲਿਆਂ ਵਿਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ। ਉਸ ਦੀ ਪਟੀਸ਼ਨ ’ਤੇ 14 ਜਨਵਰੀ ਨੂੰ ਸੁਣਵਾਈ ਹੋਵੇਗੀ। ਹਵਾਰਾ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਹਾਈ ਕੋਰਟ ਵਿਚ ਅਰਜ਼ੀ ਦਾਖ਼ਲ ਕਰਕੇ ਹਵਾਰਾ ਦੇ ਖ਼ਿਲਾਫ਼ ਚਲ ਰਹੇ ਸਾਰੇ ਮਾਮਲਿਆਂ ਦੀ ਜਾਣਕਾਰੀ ਮੰਗੀ ਸੀ। ਤਦ ਪਤਾ ਚਲਿਆ ਕਿ ਹਵਾਰਾ ਦੇ ਖ਼ਿਲਾਫ਼ ਦੋ ਮਾਮਲੇ ਚੰਡੀਗੜ੍ਹ , ਇੱਕ ਸੋਹਾਣਾ ਅਤੇ ਇੱਕ ਖਰੜ ਵਿਚ ਚਲ ਰਿਹਾ ਹੈ। ਚੰਡੀਗੜ੍ਹ ਵਿਚ ਜੋ ਕੇਸ ਚਲ ਰਹੇ ਹਨ ਉਹ 2005 ਵਿਚ ਦਰਜ ਹੋਏ ਸੀ। ਇਨ੍ਹਾਂ ਦਾ ਟਰਾਇਲ ਅਜੇ ਪੈਂਡਿੰਗ ਹੈ। ਪੈਰੋਲ ਦੇ ਲਈ ਪਹਿਲਾਂ ਇਨ੍ਹਾਂ ਦੋਵਾਂ ਵਿਚ ਹਵਾਰਾ ਨੂੰ ਜ਼ਮਾਨਤ ਲੈਣੀ ਹੋਵੇਗੀ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.