ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਿਖਾਈ ਹਰੀ ਝੰਡੀ
ਚੰਡੀਗੜ੍ਹ, 14 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਪਹਿਲੀ ਏਅਰ ਟੈਕਸੀ ਸੇਵਾ ਅੱਜ ਸ਼ੁਰੂ ਹੋ ਗਈ, ਜਿਸ ਨੇ ਚੰਡੀਗੜ੍ਹ ਤੋਂ ਹਿਸਾਰ ਲਈ ਪਹਿਲੀ ਉਡਾਣ ਭਰੀ। ਇਸ ਦਾ ਉਦਘਾਟਨ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਚੰਡੀਗੜ੍ਹ ਏਅਰਪੋਰਟ ਤੋਂ ਹਰੀ ਝੰਡੀ ਦਿਖਾ ਕੇ ਇਸ ਨੂੰ ਹਿਸਾਰ ਲਈ ਰਵਾਨਾ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੰਯੋਗ ਨਾਲ ਅੱਜ ਮਕਰ ਸਕ੍ਰਾਂਤੀ ਹੈ ਅਤੇ ਅੱਜ ਹੀ ਚੰਡੀਗੜ੍ਹ ਏਅਰਪੋਰਟ ਤੋਂ ਹਿਸਾਰ ਲਈ ਏਅਰ ਟੈਕਸੀ ਦੀ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਟੈਕਸੀ ’ਚ 4 ਲੋਕ ਸਵਾਰ ਹੋ ਸਕਣਗੇ, ਜੋ ਕਿ ਚੰਡੀਗੜ੍ਹ ਤੋਂ ਹਿਸਾਰ ਤੱਕ ਦਾ ਪੈਂਡਾ ਸਿਰਫ਼ 45 ਮਿੰਟ ਵਿੱਚ ਤੈਅ ਕਰੇਗੀ। ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿੱਚ 18 ਜਨਵਰੀ ਨੂੰ ਹਿਸਾਰ ਤੋਂ ਦੇਹਰਾਦੂਨ ਅਤੇ 23 ਜਨਵਰੀ ਨੂੰ ਤੀਜੇ ਪੜਾਅ ’ਚ ਹਿਸਾਰ ਤੋਂ ਧਰਮਸ਼ਾਲਾ ਲਈ ਵੀ ਏਅਰ ਟੈਕਸੀ ਦੀ ਸ਼ੁਰੂਆਤ ਕੀਤੀ ਜਾਵੇਗੀ। ਏਅਰ ਟੈਕਸੀ ਨੂੰ ਪ੍ਰਾਈਵੇਟ ਟੈਕਸੀ ਦੇ ਤੌਰ ’ਤੇ ਬੁਕ ਕੀਤਾ ਜਾ ਸਕੇਗਾ, ਜਿਸ ਦੇ ਰੇਟ ਅਲੱਗ ਹੋਣਗੇ। ਉਨ੍ਹਾਂ ਕਿਹਾ ਕਿ ਏਅਰ ਟੈਕਸੀ ਦਾ ਚੰਡੀਗੜ੍ਹ ਤੋਂ ਹਿਸਾਰ ਤੱਕ ਦਾ ਕਿਰਾਇਆ 1755 ਰੁਪਏ ਤੈਅ ਕੀਤਾ ਗਿਆ ਹੈ। ਇਸ ਦੀ ਆਨਲਾਈਨ ਬੁਕਿੰਗ ਵੀ ਕਰਵਾਈ ਜਾ ਸਕਦੀ ਹੈ। ਇਹ ਏਅਰ ਟੈਕਸੀ ਕੇਂਦਰ ਸਰਕਾਰ ਦੀ ਯੋਜਨਾ ਦੇ ਤਹਿਤ ਚੱਲੇਗੀ, ਜਿਸ ’ਚ ਕੇਂਦਰ ਵੱਲੋਂ ਵੀ ਕੁਝ ਰਾਹਤ ਮਿਲੇਗੀ।