ਅੰਕਾਰਾ (ਤੁਰਕੀ), 25 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਸਮੁੰਦਰੀ ਲੁਟੇਰਿਆਂ ਨੇ ਪੱਛਮੀ ਅਫ਼ਰੀਕਾ ਦੇ ਤੱਟ ’ਤੇ ਤੁਰਕੀ ਦੇ ਢੋਅ-ਢੁਆਈ ਵਾਲੇ ਸਮੁੰਦਰੀ ਜਹਾਜ਼ ’ਤੇ ਹਮਲਾ ਕਰਕੇ 15 ਮਲਾਹਾਂ (ਚਾਲਕ ਦਲ ਦੇ ਮੈਂਬਰਾਂ) ਨੂੰ ਅਗਵਾ ਕਰ ਲਿਆ, ਜਦਕਿ ਇੱਕ ਦਾ ਕਤਲ ਕਰ ਦਿੱਤਾ।  ਤੁਰਕੀ ਦੇ ਸਮੁੰਦਰੀ ਡਾਇਰੈਕਟੋਰੇਟ ਨੇ ਦੱਸਿਆ ਕਿ ਐਮਵੀ ਮੋਜਾਰਟ ਨਾਮਕ ਬੇੜੇ ਦੇ ਚਾਲਕ ਦਲ ਮੈਂਬਰਾਂ ਨੇ ਸ਼ੁਰੂਆਤ ਵਿੱਚ ਖੁਦ ਨੂੰ ਸੁਰੱਖਿਅਤ ਸਥਾਨ ’ਤੇ ਬੰਦ ਕਰ ਲਿਆ ਸੀ, ਪਰ ਲਗਭਗ 6 ਘੰਟੇ ਬਾਅਦ ਲੁਟੇਰੇ ਪਹੁੰਚ ਗਏ। ਇਸ ਦੌਰਾਨ ਹੋਏ ਸੰਘਰਸ਼ ਵਿੱਚ ਚਾਲਕ ਦਲ ਦੇ ਇੱਕ ਮੈਂਬਰ ਦੀ ਮੌਤ ਹੋ ਗਈ। ਤੁਰਕੀ ਦੇ ਮੀਡੀਆ ਨੇ ਮ੍ਰਿਤਕ ਚਾਲਕ ਦਲ ਮੈਂਬਰ ਦੀ ਪਛਾਣ ਅਜਰਬੈਜ਼ਾਨ ਦੇ ਵਾਸੀ ਤੇ ਪੇਸ਼ੇ ਤੋਂ ਇੰਜੀਨੀਅਰ ਫਰਮਾਨ ਇਸਮਾਈਲੋਵ ਦੇ ਤੌਰ ’ਤੇ ਕੀਤੀ ਹੈ, ਜੋ ਬੇੜੇ ’ਤੇ ਇਕਲੌਤਾ ਗ਼ੈਰ-ਤੁਰਕੀ ਮੈਂਬਰ ਸੀ। ਸੂਤਰਾਂ ਮੁਤਾਬਕ ਜਹਾਜ਼ ਵਿੱਚ ਸਵਾਰ ਜ਼ਿਆਦਾਤਰ ਚਾਲਕ ਦਲ ਦਾ ਅਗਵਾ ਕਰਨ ਬਾਅਦ ਲੁਟੇਰਿਆਂ ਨੇ ਤਿੰਨ ਮਲਾਹਾਂ ਨਾਲ ਬੇੜੇ ਨੂੰ ਗਿਨੀ ਦੀ ਖਾੜੀ ਵਿੱਚ ਛੱਡ ਦਿੱਤਾ।
ਇਹ ਜਹਾਜ਼ ਇਸ ਸਮੇਂ ਗੈਬੋਨ ਦੀ ਬੰਦਰਗਾਹ ਜੇਂਟਿਲ ਵੱਲ ਵਧ ਰਿਹਾ ਹੈ। ਤੁਰਕੀ ਦੇ ਰਾਸ਼ਟਰਪਤੀ ਦਫ਼ਤਰ ਨੇ ਦੱਸਿਆ ਕਿ ਰਾਸ਼ਟਰਪਤੀ ਰਜਬ ਤਈਅਬ ਅਰਦੋਆਨ ਨੇ ਬੇੜੇ ’ਤੇ ਇੱਕ ਬਚੇ ਸੀਨੀਅਰ ਅਧਿਕਾਰੀ ਨਾਲ ਦੋ ਵਾਰ ਗੱਲ ਕੀਤੀ ਹੈ। ਦਫ਼ਤਰ ਨੇ ਇਹ ਵੀ ਦੱਸਿਆ ਕਿ ਰਾਸ਼ਟਰਪਤੀ ਨੇ ਅਗਵਾ ਕੀਤੇ ਗਏ ਚਾਲਕ ਦਲ ਦੇ ਮੈਂਬਰਾਂ ਦੀ ਸਹੀ-ਸਲਾਮਤ ਵਾਪਸੀ ਦਾ ਹੁਕਮ ਵੀ ਜਾਰੀ ਕੀਤਾ ਹੈ। ਦੱਸ ਦੇਈਏ ਕਿ ਲਾਇਬੇਰੀਆ ਦਾ ਝੰਡਾ ਲੱਗਿਆ ‘ਮੋਜਾਰਟ’ ਨਾਂ ਇਹ ਪੋਤ ਨਾਈਜੀਰੀਆ ਦੇ ਲਾਗੋਸ ਤੋਂ ਦੱਖਣੀ ਅਫਰੀਕਾ ਦੇ ਕੇਪ ਟਾਊਨ ਜਾ ਰਿਹਾ ਸੀ। ਸਾਓ ਟੋਮੇ ਐਂਡ ਪ੍ਰਿੰਸੀਪ ਦੇਸ਼ ਤੋਂ 185 ਕਿਲੋਮੀਟਰ ਦੂਰ ਉੱਤਰ ਪੱਛਮ ਵਿੱਚ ਇਸ ਨੂੰ ਅਗਵਾ ਕਰ ਲਿਆ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.